ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ‘ਚ ਪਰਫਾਰਮ ਕਰਕੇ ਅੰਤਰਰਾਸ਼ਟਰੀ ਸਟਾਰ ਬਣ ਚੁੱਕੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਹੀਰੋਇਨ ਨੀਰੂ ਬਾਜਵਾ ਅੱਜ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਦਿਲਜੀਤ ਦੋਸਾਂਝ ਨੇ ਸਵੇਰ ਵੇਲੇ ਪਾਲਕੀ ਸਾਹਿਬ ਦੇ ਦਰਸ਼ਨ ਕੀਤੇ ਅਤੇ ਮੋਢਾ ਦੇਣ ਦੀ ਸੇਵਾ ਵੀ ਕੀਤੀ। ਜਿਕਰਯੋਗ ਹੈ ਕਿ ਇਨ੍ਹਾਂ ਫ਼ਿਲਮੀ ਕਲਾਕਾਰਾਂ ਦੀ ਫ਼ਿਲਮ ਜੱਟ ਐਂਡ ਜੂਲੀਅਟ 3 ਆਉਦੇ ਦਿਨਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਦਿਲਜੀਤ ਦੋਸਾਂਝ ਕੁਝ ਦਿਨ ਪਹਿਲਾਂ ਚੰਡੀਗੜ੍ਹ ਆਏ ਸਨ ਅਤੇ ਉਨ੍ਹਾਂ ਨੇ ਰੁੱਖ ਲਗਾਉਣ ਦਾ ਸੰਦੇਸ਼ ਦਿੱਤਾ ਸੀ। ਦਿਲਜੀਤ ਨੇ ਇਸ ਦੀ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਪਡੇਟ ਕੀਤਾ ਹੈ। ਦਿਲਜੀਤ ਦੁਸਾਂਝ ਸਵੇਰੇ ਹੀ ਅੰਮ੍ਰਿਤਸਰ ਪਹੁੰਚ ਗਏ। ਦਿਲਜੀਤ ਦੁਸਾਂਝ ਸਾਦਾ ਚਿੱਟਾ ਕੁੜਤਾ ਅਤੇ ਭਗਵੀਂ ਪੱਗ ਪਹਿਨ ਕੇ ਹਰਿਮੰਦਰ ਸਾਹਿਬ ਨਤਮਸਤਕ ਹੋਏ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਰਬਾਰ ਸਾਹਿਬ ਦੇ ਮੁੱਖ ਗੁਰੂਘਰ ਲਿਜਾਣ ਸਮੇਂ ਉਨ੍ਹਾਂ ਨੇ ਆਮ ਸ਼ਰਧਾਲੂ ਵਾਂਗ ਦਰਸ਼ਨ ਕੀਤੇ ਅਤੇ ਫੁੱਲਾਂ ਦੀ ਵਰਖਾ ਕੀਤੀ। ਉਨ੍ਹਾਂ ਸਵੇਰੇ ਇੱਥੇ ਪਾਲਕੀ ਸਾਹਿਬ ਦੀ ਸੇਵਾ ਵੀ ਕੀਤੀ। ਗੁਰੂਘਰ ਵਿੱਚ ਬੈਠ ਕੇ ਕੀਰਤਨ ਸਰਵਣ ਕੀਤਾ। ਦਿਲਜੀਤ ਦੋਸਾਂਝ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੌਰੇ ‘ਤੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਨੀਰੂ ਬਾਜਵਾ ਨਾਲ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ।