ਹੁਣ ਸੂਬੇ ‘ਚ ਪੁਲਿਸ ਸੁਰੱਖਿਆ ਲੈਣਾ ਆਸਾਨ ਨਹੀਂ ਹੋਵੇਗਾ। ਸ਼ਾਨ ਤੇ ਰੋਅਬ ਦਿਖਾਉਣ ਲਈ ਜਾਣ ਵਾਲੀ ਪੁਲਿਸ ਸੁਰੱਖਿਆ ਦੇ ਬਦਲੇ ਖਰਚਾ ਦੇਣਾ ਪਵੇਗਾ, ਜੋ ਸੁਰੱਖਿਆ ‘ਚ ਤਾਇਨਾਤ ਵਿਅਕਤੀ ਦੀ ਤਨਖਾਹ ਤੇ ਪੈਨਸ਼ਨ ਦੇ ਬਰਾਬਰ ਹੋਵੇਗਾ। ਪੰਜਾਬ ਪੁਲਿਸ ਇਸ ਸਬੰਧੀ ਖਰੜਾ ਤਿਆਰ ਕਰ ਰਹੀ ਹੈ ਜਿਸ ਤਹਿਤ ਹੁਣ ਜ਼ਿਆਦਾ ਆਮਦਨ ਵਾਲੇ ਲੋਕਾਂ ਨੂੰ ਸੁਰੱਖਿਆ ਦਾ ਖਰਚਾ ਖੁਦ ਚੁੱਕਣਾ ਪਵੇਗਾ। ਪੁਲਿਸ ਵੱਲੋਂ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ (COP) ਦਾ ਖਰੜਾ ਤਿਆਰ ਕੀਤਾ ਗਿਆ ਹੈ। ਇਸ ਵੇਲੇ ਸੂਬੇ ਦੀ ਆਬਾਦੀ 3 ਕਰੋੜ ਹੈ। ਆਬਾਦੀ ਲਈ 81 ਹਜ਼ਾਰ ਪੁਲਿਸ ਮੁਲਾਜ਼ਮ ਹਨ ਜਿਨ੍ਹਾਂ ਵਿੱਚੋਂ 10 ਤੋਂ 15 ਹਜ਼ਾਰ ਵੱਖ-ਵੱਖ ਸੁਰੱਖਿਆ ‘ਚ ਤਾਇਨਾਤ ਹਨ। ਹਾਲਾਂਕਿ ਮੁੱਖ ਮੰਤਰੀ 10 ਹਜ਼ਾਰ ਨਵੇਂ ਪੁਲਿਸ ਮੁਲਾਜ਼ਮਾਂ ਦੀ ਭਰਤੀ ਕਰਨ ਦੀ ਗੱਲ ਕਹਿ ਚੁੱਕੇ ਹਨ। ਇਸ ਸਮੇਂ ਸੂਬੇ ‘ਚ 900 ਤੋਂ ਵੱਧ ਲੋਕਾਂ ਨੂੰ ਪੁਲਿਸ ਸੁਰੱਖਿਆ ਦਿੱਤੀ ਹੋਈ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਸਿਆਸਤ ਨਾਲ ਸਬੰਧਤ ਹਨ, ਜਦੋਂਕਿ ਸੈਲੀਬ੍ਰਿਟੀਜ਼ ਦੂਜੇ ਨੰਬਰ ‘ਤੇ ਅਤੇ ਸਮਾਜਿਕ ਜਾਂ ਧਾਰਮਿਕ ਸੰਸਥਾਵਾਂ ਨਾਲ ਜੁੜੇ ਲੋਕ ਸੁਰੱਖਿਆ ਲੈਣ ਦੇ ਮਾਮਲੇ ‘ਚ ਤੀਜੇ ਸਥਾਨ ‘ਤੇ ਹਨ। ਇਨ੍ਹਾਂ ਵਿੱਚੋਂ 39 ਲੋਕ ਆਪਣੀ ਸੁਰੱਖਿਆ ਲਈ ਪੈਸੇ ਦੇ ਰਹੇ ਹਨ। ਹੁਣ ਜਿਨ੍ਹਾਂ ਲੋਕਾਂ ਨੂੰ ਪੁਲਿਸ ਵੱਲੋਂ ਸੁਰੱਖਿਆ ਦਿੱਤੀ ਗਈ ਹੈ, ਉਨ੍ਹਾਂ ਦੀ ਹਰ ਤਿੰਨ ਮਹੀਨੇ ਬਾਅਦ ਸਮੀਖਿਆ ਕੀਤੀ ਜਾਵੇਗੀ ਜਿਸ ਤੋਂ ਬਾਅਦ ਸੁਰੱਖਿਆ ਵਧਾਉਣ, ਰੈਗੂਲਰ ਕਰਨ ਜਾਂ ਹਟਾਉਣ ਦਾ ਫੈਸਲਾ ਲਿਆ ਜਾਵੇਗਾ। ਧਾਰਮਿਕ ਜਾਂ ਸਮਾਜਿਕ ਸੰਸਥਾਵਾਂ ਨਾਲ ਜੁੜੇ ਲੋਕਾਂ ਨੂੰ ਸੁਰੱਖਿਆ ਨਹੀਂ ਦਿੱਤੀ ਜਾਵੇਗੀ, ਜੇਕਰ ਮਸ਼ਹੂਰ ਹਸਤੀਆਂ ਸੁਰੱਖਿਆ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਖਰਚਾ ਚੁੱਕਣਾ ਪਵੇਗਾ। ਹਾਲਾਂਕਿ ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਅਹੁਦਿਆਂ ਕਾਰਨ ਸੁਰੱਖਿਆ ਦਿੱਤੀ ਗਈ ਹੈ, ਉਨ੍ਹਾਂ ਨੂੰ ਸਰਕਾਰੀ ਖਰਚੇ ‘ਤੇ ਸੁਰੱਖਿਆ ਮਿਲਦੀ ਰਹੇਗੀ।