ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਧੀ ਨਿਆਮਤ ਨਾਲ ਸੱਚਖੰਡ ਡੇਰਾ ਬੱਲਾਂ ਵਿਖੇ ਪਹੁੰਚੇ । ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪਰਿਵਾਰ ਸਮੇਤ ਗੁਰੂ ਮਹਾਰਾਜ ਜੀ ਅੱਗੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ। ਇਸ ਦੌਰਾਨ ਉਨ੍ਹਾਂ ਸੰਤ ਨਿਰੰਜਨ ਦਾਸ ਜੀ ਤੋਂ ਵੀ ਅਸ਼ੀਰਵਾਦ ਵੀ ਲਿਆ। ਉਨ੍ਹਾਂ ਆਪਣੇ ਪਰਿਵਾਰ ਅਤੇ ਸੂਬੇ ਦੇ ਭਲੇ ਦੀ ਕਾਮਨਾ ਵੀ ਕੀਤੀ। ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਆਪਣੀ ਪਤਨੀ ਅਤੇ ਬੇਟੀ ਨਾਲ ਜਲੰਧਰ ‘ਚ ਰਹਿਣਗੇ। 27 ਜੂਨ ਨੂੰ ਉਨ੍ਹਾਂ ਨੇ ਛਾਉਣੀ ਦੇ ਦੀਪ ਨਗਰ ਸਥਿਤ ਘਰ ਵਿੱਚ ਗ੍ਰਹਿ ਪ੍ਰਵੇਸ਼ ਕੀਤਾ ਸੀ। ਭਗਵੰਤ ਮਾਨ ਆਪਣੇ ਪਰਿਵਾਰ ਸਮੇਤ ਜਲੰਧਰ ‘ਚ ਕਿਰਾਏ ਦੇ ਮਕਾਨ ‘ਚ ਬੁੱਧਵਾਰ ਨੂੰ ਸ਼ਿਫ਼ਟ ਹੋ ਗਏ ਸਨ। ਦਰਅਸਲ ਜਲੰਧਰ ਵੈਸਟ ਦੀ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰ ਦੇ ਦੀਪ ਨਗਰ ‘ਚ ਮਕਾਨ ਕਿਰਾਏ ‘ਤੇ ਲਿਆ ਹੈ। ਸੀ. ਐੱਮ. ਮਾਨ ਦੇ ਜਲੰਧਰ ਪਹੁੰਚਣ ਤੋਂ ਬਾਅਦ ਪੰਜਾਬ ਪੁਲਸ ਨੇ ਉਨ੍ਹਾਂ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ। ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਸ਼ਿਫ਼ਟ ਹੋ ਕੇ ਜ਼ਿਮਨੀ ਚੋਣਾਂ ‘ਚ ਜਿੱਤ ਯਕੀਨੀ ਬਣਾਉਣ ਲਈ ਰਣਨੀਤੀ ਬਣਾ ਰਹੇ ਹਨ। ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ 10 ਜੁਲਾਈ ਨੂੰ ਹੋਣ ਜਾ ਰਹੀ ਹੈ। ਚੋਣਾਂ ਤੋਂ ਬਾਅਦ ਵੀ ਇਸ ਨੂੰ ਸੀ. ਐੱਮ. ਦਫ਼ਤਰ ਵਜੋਂ ਵਰਤਿਆ ਜਾਵੇਗਾ ਅਤੇ ਉਹ ਹਫ਼ਤੇ ਵਿੱਚ 2 ਤੋਂ 3 ਦਿਨ ਇਥੇ ਰਹਿਣਗੇ ਅਤੇ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਆਪਣੀਆਂ ਸਮੱਸਿਆਵਾਂ ਸਬੰਧੀ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਣਗੇ।