ਬੀਤੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਰਾ ਰਿੰਕੂ ’ਤੇ ਨਸ਼ਾ ਵੇਚਣ ਦੇ ਦੋਸ਼ ਲਗਾਏ ਸਨ। ਇਸ ’ਤੇ ਅੱਜ ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਨੇ ਜਲੰਧਰ ਪੁੱਜ ਕੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ‘ਆਪ’ ਵਲੋਂ ਸੁਰੱਖਿਆ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਸੰਬੰਧੀ ਜਲੰਧਰ ਪੱਛਮੀ ਦੇ ਡੀ.ਐਸ.ਪੀ. ਨੂੰ ਮਿਲ ਕੇ ਇਕ ਸ਼ਿਕਾਇਤ ਵੀ ਦਿੱਤੀ ਹੈ। ਜੈ ਇੰਦਰ ਕੌਰ ਦੇ ਨਾਲ ਇਕ ਪਰਿਵਾਰ ਵੀ ਸਾਹਮਣੇ ਆਇਆ ਹੈ, ਜਿਸ ਨੇ ਦੋਸ਼ ਲਗਾਇਆ ਕਿ ਨਸ਼ਾ ਕਰ ਰਹੇ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਬੇਟੀ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਡੀ.ਐਸ.ਪੀ. ਹਰਸ਼ਪ੍ਰੀਤ ਸਿੰਘ ਵਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ। ਜੈ ਇੰਦਰ ਕੌਰ ਨੇ ਕਿਹਾ ਕਿ ਸਾਰੇ ਦੋਸ਼ੀ ਭਾਰਗੋ ਕੈਂਪ ਦੇ ਰਹਿਣ ਵਾਲੇ ਹਨ ਤੇ ਕੋਈ ਵੀ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰਦਾ ਅਤੇ ਜਦੋਂ ਇਸ ਪਰਿਵਾਰ ਨੇ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨਸ਼ਾ ਤਸਕਰਾਂ ਨੇ ਉਨ੍ਹਾਂ ਨਾਲ ਬਦ-ਸਲੂਕੀ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਰਿੰਕੂ ਅਤੇ ਅੰਗੁਰਾਲ ਨਾਲ ਮਿਲ ਕੇ ਪੱਛਮੀ ਹਲਕੇ ਤੋਂ ਨਸ਼ਾ ਜਲਦ ਤੋਂ ਜਲਦ ਖ਼ਤਮ ਕਰਾਂਗੀ।