ਗੁਰਦਾਸਪੁਰ ‘ਚ ਸਿਰਫ 500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦੋ ਧੜਿਆਂ ‘ਚ ਝਗੜਾ ਹੋ ਗਿਆ। ਸ਼ੁੱਕਰਵਾਰ ਨੂੰ ਹੋਏ ਇਸ ਝਗੜੇ ‘ਚ 19 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਪਿਤਾ ਗੰਭੀਰ ਜ਼ਖਮੀ ਹੋ ਗਿਆ ਹੈ। ਉਸ ਨੂੰ ਇਲਾਜ ਲਈ ਪਹਿਲਾਂ ਸਰਕਾਰੀ ਹਸਪਤਾਲ ਕਾਹਨੂੰਵਾਨ ਵਿਖੇ ਲਿਜਾਇਆ ਗਿਆ, ਜਿੱਥੋਂ ਬਾਅਦ ਵਿਚ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਇਸ ਲੜਾਈ ਦੌਰਾਨ ਦੋਵਾਂ ਧੜਿਆਂ ਵੱਲੋਂ ਭਾਰੀ ਪਥਰਾਅ ਵੀ ਕੀਤਾ ਗਿਆ। ਲੜਾਈ ਦੌਰਾਨ ਇੱਕ ਇੱਟ ਪਿੰਡ ਵਾਸੀ ਰਾਜਨ ਮਸੀਹ ਪੁੱਤਰ ਬਲਵਿੰਦਰ ਮਸੀਹ ਦੇ ਸਿਰ ਵਿੱਚ ਵੱਜੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਰਾਹੁਲ ਅਤੇ ਰੋਹਿਤ ਮਸੀਹ ਨੇ ਰਾਜਨ ਦੇ ਭਰਾ ਸਾਜਨ ਨਾਲ ਮਿਲ ਕੇ ਕੁਝ ਦਿਨ ਪਹਿਲਾਂ ਆਪਣੇ ਗੁਆਂਢੀ ਦੀ ਕਣਕ ਚੋਰੀ ਕੀਤੀ ਸੀ। ਚੋਰੀ ਦੀ ਕਣਕ ਦੇ 500 ਰੁਪਏ ਨੂੰ ਲੈ ਕੇ ਦੋ ਗੁੱਟਾਂ ਵਿੱਚ ਲੜਾਈ ਹੋ ਗਈ। ਲੜਾਈ ਇੰਨੀ ਵੱਧ ਗਈ ਕਿ ਦੋਵਾਂ ਪਾਸਿਆਂ ਤੋਂ ਇੱਟਾਂ-ਪੱਥਰ ਚੱਲਣ ਲੱਗੇ। ਇਸ ਦੌਰਾਨ ਇਕ ਇੱਟ ਰਾਜਨ ਦੇ ਵੱਜੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਸੂਚਨਾ ਮਿਲਣ ‘ਤੇ ਥਾਣਾ ਕਾਹਨੂੰਵਾਨ ਦੇ ਐਸਐਚਓ ਸਾਹਿਲ ਪਠਾਨੀਆ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਗੁਰਦਾਸਪੁਰ ਭੇਜ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਦਰ ਦੇ ਇੰਚਾਰਜ ਸਾਹਿਲ ਪਠਾਨੀ ਨੇ ਦੱਸਿਆ ਕਿ ਮੁਲਜ਼ਮ ਅਜੇ ਘਰੋਂ ਫਰਾਰ ਹਨ ਅਤੇ ਪੁਲੀਸ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।