ਫਗਵਾੜਾ ਵਿੱਚ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ ਜਿਸ ਕਾਰਨ ਜਿੱਥੇ ਇਲਾਕਾ ਵਾਸੀ ਦਹਿਸ਼ਤ ਦੇ ਸਾਏ ਵਿੱਚ ਜਿਉਣ ਲਈ ਮਜ਼ਬੂਰ ਹਨ ਉਥੇ ਹੀ ਫਗਵਾੜਾ ਪੁਲਿਸ ਲਈ ਵੀ ਇਹੋ ਜਿਹੀਆਂ ਵਾਰਦਾਤਾਂ ਪ੍ਰੇਸ਼ਾਨੀ ਦਾ ਕਾਰਨ ਬਣੀਆਂ ਹੋਈਆਂ ਹਨ। ਅਜਿਹਾ ਹੀ ਇੱਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਫਗਵਾੜਾ ਦੇ ਪਲਾਹੀ ਰੋਡ ਵਿਖੇ ਜਿੱਥੇ ਕਿ ਲੁਟੇਰੇ ਸਟੇਟ ਬੈਂਕ ਆਫ ਇੰਡੀਆਂ ਦੇ ਈ.ਟੀ.ਐੱਮ ਨੂੰ ਨਿਸ਼ਾਨਾ ਬਣਾ ਕੇ ਫਰਾਰ ਹੋ ਗਏ। ਉਕਤ ਘਟਨਾਂ ਤੜਕਾਰਸਾਰ ਢਾਈ ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਗੈਸ ਕਟਰ ਨਾਲ ਏ.ਟੀ.ਐੱਮ ਨੂੰ ਤੋੜਿਆ ਹੈ ਤੇ ਏ.ਟੀ.ਐੱਮ ‘ਚ ਪਈ 25 ਲੱਖ 27 ਹਜਾਰ 300 ਰੁਪਏ ਦੀ ਨਗਦੀ ਕੱਢ ਕੇ ਬੜੀ ਹੀ ਹੁਸ਼ਿਆਰੀ ਨਾਲ ਫਰਾਰ ਹੋ ਗਏ। ਇਸ ਸਬੰੰਧੀ ਏ.ਟੀ.ਐੱਮ ਦੇ ਉਪਰ ਰਹਿ ਰਹੇ ਹਰਮੇਸ਼ ਕੁਮਾਰ ਨੇ ਦੱਸਿਆ ਕਿ ਉਨਾਂ ਨੂੰ ਉਕਤ ਵਾਰਦਾਤ ਦਾ ਉਸ ਸਮੇਂ ਪਤਾ ਲੱਗਾ ਕਿ ਜਦੋਂ ਪੁਲਿਸ ਏ.ਟੀ.ਐੱਮ ਤੇ ਪਹੁੰਚੀ ਹੋਈ ਸੀ। ਉਧਰ ਇਸ ਵਾਰਦਾਤ ਦੀ ਸੂਚਨਾਂ ਮਿਲਦੇ ਸਾਰ ਹੀ ਐੱਸ.ਐੱਸ.ਪੀ ਕਪੂਰਥਲਾ ਮੈਡਮ ਵਤਸਲਾ ਗੁਪਤਾ ਅਤੇ ਐੱਸ.ਪੀ ਫਗਵਾੜਾ ਮੈਡਮ ਰੁਪਿੰਦਰ ਕੋਰ ਭੱਟੀ ਤੋਂ ਇਲਾਵਾ ਥਾਣਾ ਸਿਟੀ ਦੇ ਐੱਸ.ਐੱਚ.ਓ ਜਤਿੰਦਰ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜਾ ਲਿਆ। ਇਸ ਮੋਕੇ ਗੱਲਬਾਤ ਕਰਦਿਆ ਥਾਣਾ ਮੁਖੀ ਜਤਿੰਦਰ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ ਖੰਗਾਲੇ ਜਾ ਰਹੇ ਹਨ ਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ।