ਰੋਜ਼ੀ-ਰੋਟੀ ਦੀ ਭਾਲ ‘ਚ ਦੁਬਈ ਗਏ ਨੌਜਵਾਨ ਦਾ ਕਤਲ , ਸਾਲ ਪਹਿਲਾਂ ਹੀ ਗਿਆ ਸੀ ਵਿਦੇਸ਼

ਪੰਜਾਬ ‘ਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਆਪਣੇ ਭਵਿੱਖ ਲਈ ਵਿਦੇਸ਼ ਜਾਣ ਦਾ ਰਾਹ ਚੁਣਦੇ ਹਨ ਪਰ ਕਈ ਵਾਰ ਉੱਥੇ ਉਨ੍ਹਾਂ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ,ਜਿਨ੍ਹਾਂ ਨਾਲ ਪਰਿਵਾਰ ਦਾ ਨੁਕਸਾਨ ਹੁੰਦਾ ਹੈ ਤੇ ਨੌਜਵਾਨ ਦੀ ਜ਼ਿੰਦਗੀ ਵੀ ਖਰਾਬ ਹੁੰਦੀ ਹੈ। ਅਜਿਹਾ ਹੀ ਤਾਜ਼ਾ ਮਾਮਲਾ ਰਾਏਕੋਟ ਦੇ ਪਿੰਡ ਲੋਹਟਬੱਦੀ ਤੋਂ ਸਾਹਮਣੇ ਆਇਆ ਹੈ। ਜਿੱਥੇ ਰੋਜ਼ੀ-ਰੋਟੀ ਦੀ ਭਾਲ ‘ਚ ਦੁਬਈ ਗਏ 20 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਮ੍ਰਿਤਕ ਸਾਲ ਪਹਿਲਾਂ ਹੀ ਦੁਬਈ ਵਿਖੇ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਮਨਜੋਤ ਸਿੰਘ (20) ਪੁੱਤਰ ਦਲਬਾਗ ਸਿੰਘ ਵਾਸੀ ਲੋਹਟਬੱਦੀ ਦੇ ਪਿਤਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਥੇ ਮਨਜੋਤ ਸਿੰਘ ਨਾਲ ਰਹਿੰਦੇ ਇੱਕ ਹੋਰ ਲੜਕੇ ਦੀ ਪਾਕਿਸਤਾਨੀ ਮੁੰਡਿਆਂ ਨਾਲ ਕਿਸੇ ਕਾਰਨ ਲੜਾਈ ਹੋ ਗਈ ਸੀ। ਜਿਸ ਦੌਰਾਨ ਉਕਤ ਪਾਕਿਸਤਾਨੀ ਲੜਕਿਆਂ ਨੇ ਇਨ੍ਹਾਂ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਨ੍ਹਾਂ ਵੱਲੋਂ ਮਨਜੋਤ ’ਤੇ ਕਾਫੀ ਵਾਰ ਕਰਨ ਕਾਰਨ ਉਸ ਦੀ ਮੌਤ ਹੋ ਗਈ ਅਤੇ ਦੂਜਾ ਲੜਕਾ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਮਨਜੋਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਭੈਣ ਦਾ ਇਕੱਲਾ ਭਰਾ ਸੀ ਪਰ ਘਰ ਵਿਚ ਗਰੀਬੀ ਹੋਣ ਅਤੇ ਇਥੇ ਕੋਈ ਵਧੀਆ ਰੋਜ਼ਗਾਰ ਨਾ ਮਿਲਣ ਕਾਰਨ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਉਸ ਨੂੰ ਦੁਬਈ ਭੇਜਿਆ ਸੀ ਪਰ ਉਥੇ ਇਸ ਅਣਹੋਣੀ ਨੇ ਉਨ੍ਹਾਂ ਦਾ ਘਰ ਤਬਾਹ ਕਰਕੇ ਰੱਖ ਦਿੱਤਾ। ਉਨ੍ਹਾਂ ਦੱਸਿਆ ਕਿ ਮਨਜੋਤ ਦੀ ਮੌਤ ਬਾਰੇ ਪਤਾ ਲੱਗਣ ’ਤੇ ਉਨ੍ਹਾਂ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਐਮਪੀ ਡਾ. ਅਮਰ ਸਿੰਘ ਨਾਲ ਗੱਲਬਾਤ ਕੀਤੀ, ਜਿਸ ’ਤੇ ਡਾ.ਅਮਰ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ। ਇਸ ਮੌਕੇ ਪੀੜਤ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇ ਤਾਂ ਜੋ ਮਾਪੇ ਉਸ ਦਾ ਅੰਤਿਮ ਸਸਕਾਰ ਕਰ ਸਕਣ। ਉਥੇ ਹੀ ਪਿੰਡ ਵਾਸੀਆਂ ਨੇ ਸਰਕਾਰ ਤੋਂ ਗਰੀਬ ਤੇ ਐਸ.ਸੀ. ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਵੀ ਮੰਗ ਕੀਤੀ ਹੈ।

Leave a Reply

Your email address will not be published. Required fields are marked *