ਗੁਰਾਇਆ ‘ਚ ਗੰਨ ਪੁਆਇੰਟ ‘ਤੇ ਲੁੱਟੀ ਗੱਡੀ ਤੇ 25000 ਦੀ ਨਕਦੀ, ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਜੋੜਾ

ਮੋਟਰਸਾਈਕਲ ਲੁਟੇਰਾ ਗਿਰੋਹ ਪੂਰੀ ਤਰ੍ਹਾਂ ਨਾਲ ਸਰਗਰਮ ਨਜ਼ਰ ਆ ਰਿਹਾ ਹੈ। ਜਿੱਥੇ ਨਗਰ ਵਿੱਚ ਇੱਕ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਵੱਲੋਂ ਵੈਸਟਰਨ ਯੂਨੀਅਨ ਦੀ ਦੁਕਾਨ ਵਿੱਚ ਦਾਖਲ ਹੋ ਕੇ ਪਿਸਤੌਲ ਦੀ ਨੋਕ ‘ਤੇ ਡੇਢ ਲੱਖ ਰੁਪਏ ਦੇ ਕਰੀਬ ਨਕਦੀ ਲੁੱਟੀ ਗਈ ਸੀ, ਉੱਥੇ ਹੀ ਨੂਰ ਮਹਿਲ ਦੇ ਪਿੰਡ ਸੁੰਨੜ ਕਲਾਂ ਵਿੱਚ ਤਿੰਨ ਹਮਲਾਵਰਾਂ ਵੱਲੋਂ ਇੱਕ ਕਿਸਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ। ਉੱਥੇ ਹੀ ਹੁਣ ਨੈਸ਼ਨਲ ਹਾਈਵੇ 44 ਤੇ ਗੁਰਾਇਆ ‘ਚ ਇਕ ਜੋੜੇ ਨੂੰ ਗੰਨ ਪੁਆਇੰਟ ‘ਤੇ ਲੈ ਕੇ ਉਨ੍ਹਾਂ ਦੀ ਗੱਡੀ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਤਿੰਨ ਲੁਟੇਰੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਕਰਮ ਸਿੰਘ ਨੇ ਦੱਸਿਆ ਉਨ੍ਹਾਂ ਦੇ ਪਿਤਾ ਮਨਜੀਤ ਸਿੰਘ (55) ਅਤੇ ਮਾਤਾ ਸੁਰਜੀਤ ਕੌਰ (53) ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਰਾਤ 9 ਵਜੇ ਚੱਲੇ ਸਨ ਜੋ ਵਾਪਸ ਲੁਧਿਆਣਾ ਆ ਰਹੇ ਸਨ ਜਦੋਂ ਰਾਤ 12 ਵਜੇ ਦੇ ਕਰੀਬ ਉਹ ਗੁਰਾਇਆ ਦੇ ਮਿਲਨ ਪੈਲਸ ਨੇੜੇ ਹਾਈਵੇ ‘ਤੇ ਪੁੱਜੇ ਤਾਂ ਇੱਕ ਮੋਟਰਸਾਈਕਲ ‘ਤੇ ਸਵਾਰ ਤਿੰਨ ਲੁਟੇਰਿਆਂ ਨੇ ਉਨ੍ਹਾਂ ਦੀ ਗੱਡੀ ਦੇ ਫਰੰਟ ਸ਼ੀਸ਼ੇ ਤੇ ਲੋਹੇ ਦੀ ਰਾਡ ਮਾਰ ਕੇ ਸ਼ੀਸ਼ਾ ਤੋੜਿਆ। ਜਿਸ ਕਰਕੇ ਉਹ ਘਬਰਾ ਗਏ ।ਜਦੋਂ ਉਨ੍ਹਾਂ ਨੇ ਗੱਡੀ ਹੌਲੀ ਕੀਤੀ ਤਾਂ ਉਨ੍ਹਾਂ ਨੇ ਆਪਣਾ ਮੋਟਰਸਾਈਕਲ ਉਨ੍ਹਾਂ ਦੀ ਗੱਡੀ ਅੱਗੇ ਲਗਾ ਕੇ ਗੱਡੀ ਰੋਕ ਲਈ ਜਿਸ ਤੋਂ ਬਾਅਦ ਲੁਟੇਰਿਆਂ ਨੇ ਮੇਰੇ ਮਾਤਾ ਪਿਤਾ ਨੂੰ ਗੱਡੀ ‘ਚੋਂ ਬਾਹਰ ਕੱਢ ਕੇ ਗੰਨ ਪੁਆਇੰਟ ‘ਤੇ ਲੈ ਲਿਆ ਅਤੇ ਇੱਕ ਨੇ ਚਾਕੂ ਰੱਖ ਦਿੱਤਾ। ਲੁਟੇਰੇ ਉਨ੍ਹਾਂ ਕੋਲੋਂ 25000 ਦੀ ਨਕਦੀ ਅਤੇ ਉਨ੍ਹਾਂ ਦੀ ਚਿੱਟੇ ਰੰਗ ਦੀ ਵੋਲਕਸ ਵੈਗਨਾਰ ਗੱਡੀ ਲੁੱਟ ਕੇ ਫਿਲੌਰ ਸਾਈਡ ਫਰਾਰ ਹੋ ਗਏ। ਇਸ ਸਬੰਧੀ ਉਨ੍ਹਾਂ ਗੁਰਾਇਆ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਹੈ ਪੁਲਿਸ ਨੇ ਹਾਈਵੇ ‘ਤੇ ਲੱਗੇ ਸੀਸੀਟੀਵੀ ਦੀ ਮਦਦ ਨਾਲ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਇੱਕ ਸੀਸੀਟੀਵੀ ਵਿੱਚ ਦੋਵੇਂ ਬਜ਼ੁਰਗ ਨਜ਼ਰ ਆ ਰਹੇ ਹਨ। ਜਿਨ੍ਹਾਂ ਕੋਲ ਗੱਡੀ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਤੇ ਉਹ ਦੋਵੇਂ ਪੈਦਲ ਹੀ ਆ ਰਹੇ ਹਨ। ਜੋ ਟਰੱਕ ਵਾਲੇ ਤੋਂ ਲਿਫਟ ਲੈ ਕੇ ਫਿਲੌਰ ਤੱਕ ਗਏ ਹਨ। ਪੁਲਿਸ ਵੱਲੋਂ ਮਨਜੀਤ ਸਿੰਘ ਦੇ ਬਿਆਨਾਂ ਤੇ ਵੱਖ-ਵੱਖ ਧਾਰਾਵਾਂ ਹੇਠ ਅਣਪਛਾਤੇ ਲੁਟੇਰੇ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਫਿਲੌਰ ਸਰਵਨਜੀਤ ਸਿੰਘ, ਐਸਐਚਓ ਗੁਰਾਇਆ ਰਕੇਸ਼ ਕੁਮਾਰ ਪੁਲਿਸ ਟੀਮ ਨਾਲ ਮੌਕੇ ‘ਤੇ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *