ਲਾਪਤਾ ਬੱਚਿਆਂ ਨੂੰ ਪੁਲਿਸ ਸਹੀ ਸਲਾਮਤ ਲਿਆਈ ਵਾਪਸ

ਪੁਲਿਸ ਨੇ ਡੇਰਾਬੱਸੀ ਤੋਂ ਲਾਪਤਾ ਹੋਏ ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿਤਾ ਹੈ। ਜਿਥੇ ਖੇਤਰ ’ਚ ਪੁਲਿਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਉਥੇ ਹੀ ਬੱਚਿਆਂ ਦੇ ਪਰਵਾਰਾਂ ਨੇ ਵੀ ਪੁਲਿਸ ਦਾ ਧਨਵਾਦ ਕੀਤਾ ਹੈ। ਦੱਸ ਦੇਈਏ ਕਿ ਪਿਛਲੇ ਐਤਵਾਰ 7 ਬੱਚੇ ਕ੍ਰਿਕਟ ਖੇਡਣ ਲਈ ਘਰੋਂ ਨਿਕਲੇ ਸਨ ਅਤੇ ਮੁੰਬਈ ਪਹੁੰਚ ਗਏ ਸੀ। ਦੋ ਬੱਚੇ ਜੋ ਅਪਣੇ ਦੋਸਤਾਂ ਨੂੰ ਛੱਡ ਕੇ ਦਿੱਲੀ ਰੇਲਵੇ ਸਟੇਸ਼ਨ ਤੋਂ ਵਾਪਸ ਆ ਗਏ ਸੀ। ਜਿਨ੍ਹਾਂ ਨੂੰ ਪੁਲਿਸ ਨੇ ਵੀਰਵਾਰ ਨੂੰ ਬਰਾਮਦ ਕਰ ਲਿਆ ਅਤੇ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਸੀ। ਬਾਕੀ 5 ਬੱਚਿਆਂ ਨੂੰ ਮੁੰਬਈ ਪੁਲਿਸ ਨੇ ਅਪਣੀ ਹਿਰਾਸਤ ’ਚ ਲੈ ਲਿਆ ਸੀ, ਜਿਨ੍ਹਾਂ ਨੂੰ ਡੇਰਾਬੱਸੀ ਪੁਲਿਸ ਨੇ ਸੁਰੱਖਿਅਤ ਵਾਪਸ ਲਿਆ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿਤਾ ਹੈ। ਏ.ਐਸ.ਪੀ. ਡੇਰਾਬੱਸੀ ਵੈਭਵ ਚੌਧਰੀ ਨੇ ਦੱਸਿਆ ਕਿ ਪੁਲਿਸ ਟੀਮ ਨੇ ਇਸ ਮਾਮਲੇ ’ਤੇ ਕਾਫ਼ੀ ਮਿਹਨਤ ਕੀਤੀ ਹੈ। ਇਸ ਤੋਂ ਪਹਿਲਾਂ ਪੁਲਿਸ ਟੀਮ ਨੇ ਦਿੱਲੀ ਰੇਲਵੇ ਸਟੇਸ਼ਨ ਤੋਂ 2 ਬੱਚੇ ਬਰਾਮਦ ਕੀਤੇ ਸਨ ਅਤੇ ਪੁਲਿਸ ਟੀਮ ਨੇ 5 ਬੱਚਿਆਂ ਨੂੰ ਮੁੰਬਈ ਤੋਂ ਵਾਪਸ ਲਿਆਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਕਾਊਂਸਲਿੰਗ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿਚ ਬੱਚੇ ਮੁੜ ਅਜਿਹਾ ਕਦਮ ਨਾ ਚੁੱਕਣ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਸਮਾਂ ਕੱਢ ਕੇ ਅਪਣੇ ਬੱਚਿਆਂ ਨੂੰ ਕੁੱਝ ਸਮਾਂ ਦੇਣ ਤਾਂ ਜੋ ਉਹ ਭਵਿੱਖ ਲਈ ਦਿਸ਼ਾ-ਨਿਰਦੇਸ਼ ਪ੍ਰਾਪਤ ਕਰ ਸਕਣ ਅਤੇ ਅਪਣੀਆਂ ਕਦਰਾਂ-ਕੀਮਤਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕਣ। ਉਨ੍ਹਾਂ ਕਿਹਾ ਕਿ ਉਹ ਜਾਂਚ ਅਧਿਕਾਰੀ ਏਐਸਆਈ ਕੇਵਲ ਕੁਮਾਰ ਅਤੇ ਹੌਲਦਾਰ ਰਣਜੀਤ ਸਿੰਘ ਨੂੰ ਸਨਮਾਨਤ ਕਰਨ ਲਈ ਪੁਲਿਸ ਵਿਭਾਗ ਨੂੰ ਪੱਤਰ ਲਿਖਣਗੇ।

Leave a Reply

Your email address will not be published. Required fields are marked *