ਜਲੰਧਰ ਦੇ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਪੰਜਾਬ ਵਿਧਾਨ ਸਭਾ ਦੀਆਂ ਦੋ ਸਥਾਈ ਕਮੇਟੀਆਂ ਦੇ ਮੈਂਬਰ ਚੁਣੇ ਗਏ ਹਨ। ਉਨ੍ਹਾਂ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬ ਪੰਚਾਇਤੀ ਰਾਜ ਅਤੇ ਪੰਜਾਬ ਸਮਾਜ ਭਲਾਈ ਕਮੇਟੀ (ਪੰਜਾਬ ਵਿਧਾਨ ਸਭਾ) ਦਾ ਮੈਂਬਰ ਚੁਣਿਆ ਗਿਆ ਹੈ। ਇਸ ਮੌਕੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਉਹ ਕੁਲਤਾਰ ਸਿੰਘ ਸੰਧਵਾਂ ਸਪੀਕਰ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਪੰਜਾਬ ਪੰਚਾਇਤੀ ਰਾਜ ਅਤੇ ਪੰਜਾਬ ਸਮਾਜ ਭਲਾਈ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ। ਪਹਿਲਾਂ ਦੀ ਤਰ੍ਹਾਂ ਉਹ ਕਮੇਟੀ ਅੱਗੇ ਲੋਕ ਹਿੱਤ ਦੇ ਮੁੱਦੇ ਉਠਾਉਣਗੇ। ਦੱਸ ਦੇਈਏ ਕਿ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਕਾਂਗਰਸ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਨਾਲ ਸਨ। ਜਦੋਂ ਉਹ ਕਾਂਗਰਸ ਵਿਚ ਸ਼ਾਮਲ ਹੋਏ ਤਾਂ ਉਨ੍ਹਾਂ ਨੂੰ ਆਦਮਪੁਰ ਵਿਧਾਨ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਅਤੇ ਉਹ ਉਕਤ ਚੋਣ ਵੀ ਜਿੱਤੇ। ਸੁਖਵਿੰਦਰ ਕੋਟਲੀ ਇੱਕ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ 1984 ਵਿਚ ਰਾਜਨੀਤੀ ਵਿਚ ਪ੍ਰਵੇਸ਼ ਕੀਤਾ। ਉਨ੍ਹਾਂ ਦੇ ਨਾਨਾ ਦੌਲਤ ਰਾਮ ਨੇ ਜਲੰਧਰ ਉੱਤਰੀ ਤੋਂ ਚੋਣ ਲੜੀ ਸੀ ਅਤੇ ਮਾਮਾ ਫਕੀਰਚੰਦ ਨੇ ਨਕੋਦਰ ਤੋਂ ਚੋਣ ਲੜੀ ਸੀ। ਸੁਖਵਿੰਦਰ ਕੋਟਲੀ ਦੇ ਪਿਤਾ ਵੀ ਬਸਪਾ ਸੰਸਥਾਪਕ ਮਰਹੂਮ ਕਾਂਸ਼ੀ ਰਾਮ ਦੇ ਕਰੀਬੀ ਸਨ। ਸੁਖਵਿੰਦਰ ਕੋਟਲੀ ਨੇ ਖੁਦ 3 ਦਹਾਕੇ ਤੋਂ ਵੱਧ ਸਮਾਂ ਬਸਪਾ ’ਚ ਕੰਮ ਕੀਤਾ ਅਤੇ ਸੂਬਾ ਜਨਰਲ ਸਕੱਤਰ ਵੀ ਰਹੇ।