ਚੱਲਦੀ ਟ੍ਰੇਨ ਤੋਂ ਡਿੱਗਣ ਕਾਰਨ 2 ਯਾਤਰੀਆਂ ਦੀ ਹੋਈ ਮੌਤ , ਚਾਵਾ ਨੇੜੇ ਰੇਲਵੇ ਟਰੈਕ ਤੋਂ ਮਿਲੀਆਂ ਲਾਸ਼ਾਂ

ਲੁਧਿਆਣਾ ਜ਼ਿਲੇ ਦੇ ਖੰਨਾ ‘ਚ ਚੱਲਦੀ ਟਰੇਨ ‘ਚੋਂ ਡਿੱਗਣ ਨਾਲ 2 ਯਾਤਰੀਆਂ ਦੀ ਮੌਤ ਹੋ ਗਈ। ਇਹ ਹਾਦਸਾ ਖੰਨਾ ਅਤੇ ਲੁਧਿਆਣਾ ਰੇਲਵੇ ਸਟੇਸ਼ਨਾਂ ਵਿਚਕਾਰ ਚਾਵਾ ਨੇੜੇ ਵਾਪਰਿਆ। ਸੂਚਨਾ ਮਿਲਣ ਤੋਂ ਬਾਅਦ ਜੀਆਰਪੀ (ਰੇਲਵੇ ਪੁਲਿਸ) ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਸਫ਼ਰ ਦੌਰਾਨ ਟਰੇਨ ਤੋਂ ਡਿੱਗ ਗਏ। ਅਜੇ ਤੱਕ ਉਨ੍ਹਾਂ ਦੀ ਪਛਾਣ ਵੀ ਨਹੀਂ ਹੋ ਸਕੀ ਹੈ। ਜੀਆਰਪੀ ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ ਚਾਵਾ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੇ ਮੀਮੋ ਜ਼ਰੀਏ ਰੇਲਵੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਰੇਲਵੇ ਟਰੈਕ ‘ਤੇ ਦੋ ਲਾਸ਼ਾਂ ਪਈਆਂ ਹਨ। ਜਿਸ ਤੋਂ ਬਾਅਦ ਉਹ ਖੁਦ ਥਾਣਾ ਸਰਹਿੰਦ ਦੇ ਐੱਸਐੱਚਓ ਰਤਨ ਲਾਲ ਸਮੇਤ ਆਪਣੀ ਟੀਮ ਨਾਲ ਮੌਕੇ ‘ਤੇ ਪੁੱਜੇ। ਉੱਥੇ ਇੱਕ ਲਾਸ਼ ਰੇਲਵੇ ਟ੍ਰੈਕ ਦੇ ਵਿਚਕਾਰ ਅਤੇ ਦੂਜੀ ਟ੍ਰੈਕ ਦੇ ਬਾਹਰ ਪਈ ਸੀ। ਦੋਵਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੀਆਰਪੀ ਇੰਚਾਰਜ ਕੁਲਦੀਪ ਸਿੰਘ ਅਨੁਸਾਰ ਦੋਵੇਂ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਕੋਲ ਨਾ ਤਾਂ ਕੋਈ ਦਸਤਾਵੇਜ਼ ਸੀ ਅਤੇ ਨਾ ਹੀ ਮੋਬਾਈਲ ਫ਼ੋਨ। ਜਿਸ ਕਾਰਨ ਸ਼ਨਾਖਤ ਕਰਨ ‘ਚ ਮੁਸ਼ਕਿਲ ਹੋ ਰਹੀ ਹੈ। ਕਾਨੂੰਨੀ ਤੌਰ ‘ਤੇ ਲਾਸ਼ਾਂ ਨੂੰ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਖੰਨਾ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਇਸ ਦੌਰਾਨ ਪਹਿਚਾਣ ਨਾ ਹੋਣ ਦੀ ਸੂਰਤ ਵਿੱਚ ਰੇਲਵੇ ਪੁਲਿਸ ਬੀ.ਐਨ.ਐਸ.ਐਸ ਦੀ ਧਾਰਾ 194 ਤਹਿਤ ਕਾਰਵਾਈ ਕਰਕੇ ਨਗਰ ਕੌਂਸਲ ਦੇ ਸਹਿਯੋਗ ਨਾਲ ਅੰਤਿਮ ਸਸਕਾਰ ਕਰਵਾ ਦੇਵੇਗੀ। ਜੇਕਰ ਪਛਾਣ ਹੋ ਜਾਂਦੀ ਹੈ ਤਾਂ ਵਾਰਸਾਂ ਦੇ ਬਿਆਨ ਦਰਜ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਜਾਣਗੀਆਂ।

Leave a Reply

Your email address will not be published. Required fields are marked *