ਔਰਤਾਂ ਨੂੰ ਮਿਲੇਗਾ 1000 ਰੁਪਏ ਮਹੀਨਾ, ਹਰਿਆਣਾ ‘ਚ ਪੰਜਾਬ ਵਾਂਗ ਲੋਕਾਂ ਨੂੰ ਕੇਜਰੀਵਾਲ ਨੇ ਦਿੱਤੀਆਂ 5 ਵੱਡੀਆਂ ਗਰੰਟੀਆਂ

ਆਮ ਆਦਮੀ ਪਾਰਟੀ ਨੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਪਾਰਟੀ ਵੱਲੋਂ ਅਗਵਾਈ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਸ਼ਨੀਵਾਰ ਹਰਿਆਣਾ ਦੇ ਲੋਕਾਂ ਨੂੰ 5 ਵੱਡੀਆਂ ਗਰੰਟੀਆਂ ਦਾ ਤੋਹਫ਼ਾ ਦਿੱਤਾ। ਇਨ੍ਹਾਂ ਗਰੰਟੀਆਂ ਵਿੱਚ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ, ਮੁਫ਼ਤ ਬਿਜਲੀ, ਮੁਫ਼ਤ ਸਿੱਖਿਆ, ਮੁਫ਼ਤ ਇਲਾਜ ਅਤੇ ਰੁਜ਼ਗਾਰ ਪੈਦਾ ਕਰਨਾ ਹਨ। ਹਾਲਾਂਕਿ ਇਹ ਗਰੰਟੀਆਂ ਲੋਕਾਂ ਨੂੰ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤੋਂ ਬਾਅਦ ਮਿਲਣਗੀਆਂ। ਦੱਸ ਦਈਏ ਕਿ ਸੀਐਮ ਕੇਜਰੀਵਾਲ ਦੇ ਕਥਿਤ ਸ਼ਰਾਬ ਨੀਤੀ ਮਾਮਲੇ ਵਿੱਚ ਘਿਰੇ ਹੋਣ ਕਾਰਨ ਜੇਲ੍ਹ ‘ਚ ਹੋਣ ਪਿੱਛੋਂ ਆਮ ਆਦਮੀ ਪਾਰਟੀ ਦੀ ਅਗਵਾਈ ਸੁਨੀਤਾ ਕੇਜਰੀਵਾਲ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਸੰਜੇ ਸਿੰਘ ਅਤੇ ਹਰਿਆਣਾ ‘ਆਪ’ ਦੇ ਆਗੂ ਹਾਜ਼ਰ ਸਨ। ਇਸ ਦੌਰਾਨ ਸ਼ਨੀਵਾਰ ਨੂੰ ਉਹ ਹਰਿਆਣਾ ਪਹੁੰਚੇ ਅਤੇ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਅਤੇ ਦਿੱਲੀ ਵਿੱਚ ਜਿਵੇਂ ਲੋਕਾਂ ਨਾਲ ਗਰੰਟੀਆਂ/ਵਾਅਦੇ ਪੂਰੇ ਕੀਤੇ ਗਏ ਹਨ, ਓਵੇਂ ਹੀ ਹਰਿਆਣਾ ‘ਚ ਪੂਰੇ ਕੀਤੇ ਜਾਣਗੇ। ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ, ਨਾਲ ਹੀ ਮੁਫ਼ਤ ਸਿੱਖਿਆ ਤੇ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਹਰਿਆਣਾ ਦੀਆਂ ਔਰਤਾਂ ਨੂੰ ਅੱਜ ਆਮ ਆਦਮੀ ਪਾਰਟੀ ਵੱਲੋਂ 1000 ਰੁਪਏ ਦੀ ਗਰੰਟੀ ਦਿੱਤੀ ਗਈ ਹੈ। ਸੁਨੀਤਾ ਕੇਜਰੀਵਾਲ ਵੱਲੋਂ ਪੰਜਾਬ ਵਾਂਗ ਗਰੰਟੀਆਂ ਪੂਰੀਆਂ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ। ਪਰੰਤੂ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਅਜੇ ਤੱਕ ਵੀ ਇਹ ਗਰੰਟੀ ਪੂਰੀ ਨਹੀਂ ਕੀਤੀ ਗਈ ਹੈ। ਹਾਲਾਂਕਿ ਸਰਕਾਰ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਔਰਤਾਂ ਨੂੰ 1000 ਰੁਪਏ ਨਸੀਬ ਨਹੀਂ ਹੋਏ ਹਨ। ਇਥੋਂ ਤੱਕ ਕਿ ਲੋਕ ਸਭਾ ਚੋਣਾਂ ਵੀ ਟੱਪ ਚੁੱਕੀਆਂ ਹਨ ਅਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ 3 ਸੀਟਾਂ ਵੀ ਜਿਤਾ ਦਿੱਤੀਆਂ ਹਨ, ਪਰੰਤੂ ਫਿਰ ਵੀ ਸਰਕਾਰ ਵੱਲੋਂ ਔਰਤਾਂ ਨਾਲ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਦਕਿ ਸੁਨੀਤਾ ਕੇਜਰੀਵਾਲ ਵੱਲੋਂ ਹੁਣ ਹਰਿਆਣਾ ਵਿੱਚ ਔਰਤਾਂ ਨੂੰ 1000 ਰੁਪਏ ਦੀ ਗਰੰਟੀ ਦਿੱਤੀ ਗਈ ਹੈ, ਜਿਸ ਨਾਲ ਇਹ ਸਵਾਲ ਖੜਾ ਹੁੰਦਾ ਹੈ ਕਿ ਕੀ ਸੱਚਮੁੱਚ ਹਰਿਆਣਾ ਦੀਆਂ ਔਰਤਾਂ ਨੂੰ ਇਹ ਰਕਮ ਮਿਲੇਗੀ ਜਾਂ ਫਿਰ ਇਹ ਇੱਕ ਚੁਣਾਵੀ ਲਾਰਾ ਹੀ ਬਣ ਕੇ ਰਹਿ ਜਾਵੇਗਾ?


ਹਰਿਆਣਾ ਨੂੰ ਦਿੱਤੀਆਂ ਕਿਹੜੀਆਂ 5 ਮੁੱਖ ਗਰੰਟੀਆਂ…

  1. ਦਿੱਲੀ ਅਤੇ ਪੰਜਾਬ ਵਾਂਗ, ਸਾਰੇ ਪੁਰਾਣੇ ਬਕਾਇਆ ਘਰੇਲੂ ਬਿੱਲ ਮੁਆਫ ਕੀਤੇ ਜਾਣਗੇ। ਬਿਜਲੀ ਦੇ ਕੱਟ ਬੰਦ ਹੋਣਗੇ, ਦਿੱਲੀ ਅਤੇ ਪੰਜਾਬ ਵਾਂਗ 24 ਘੰਟੇ ਬਿਜਲੀ ਦਿੱਤੀ ਜਾਵੇਗੀ।
  2. ਦਿੱਲੀ ਅਤੇ ਪੰਜਾਬ ਵਾਂਗ ਹਰ ਪਿੰਡ ਅਤੇ ਸ਼ਹਿਰ ਦੇ ਹਰ ਮੁਹੱਲੇ ਵਿੱਚ ਮੁਹੱਲਾ ਕਲੀਨਿਕ ਬਣਾਏ ਜਾਣਗੇ। ਸਾਰੇ ਸਰਕਾਰੀ ਹਸਪਤਾਲਾਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ। ਨਵੇਂ ਸਰਕਾਰੀ ਹਸਪਤਾਲ ਬਣਾਏ ਜਾਣਗੇ। ਹਰ ਹਰਿਆਣਵੀ ਦਾ ਪੂਰਾ ਇਲਾਜ ਮੁਫਤ ਹੋਵੇਗਾ, ਭਾਵੇਂ ਬਿਮਾਰੀ ਛੋਟੀ ਹੋਵੇ ਜਾਂ ਵੱਡੀ। ਸਾਰੇ ਟੈਸਟ, ਦਵਾਈਆਂ, ਆਪ੍ਰੇਸ਼ਨ ਅਤੇ ਇਲਾਜ ਮੁਫ਼ਤ ਹੋਵੇਗਾ। ਇਸ ਨਾਲ ਲੋਕਾਂ ਦੇ ਪੈਸੇ ਦੀ ਕਾਫੀ ਬੱਚਤ ਹੋਵੇਗੀ ਅਤੇ ਮਹਿੰਗਾਈ ਤੋਂ ਕਾਫੀ ਰਾਹਤ ਮਿਲੇਗੀ।
  3. ਦਿੱਲੀ ਅਤੇ ਪੰਜਾਬ ਵਾਂਗ ਸਿੱਖਿਆ ਮਾਫੀਆ ਨੂੰ ਖਤਮ ਕਰਾਂਗੇ। ਅਸੀਂ ਸਰਕਾਰੀ ਸਕੂਲਾਂ ਨੂੰ ਇੰਨਾ ਵਧੀਆ ਬਣਾਵਾਂਗੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਕੱਢ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓਗੇ। ਅਸੀਂ ਪ੍ਰਾਈਵੇਟ ਸਕੂਲਾਂ ਦੀ ਗੁੰਡਾਗਰਦੀ ਵੀ ਬੰਦ ਕਰਾਂਗੇ, ਪ੍ਰਾਈਵੇਟ ਸਕੂਲਾਂ ਨੂੰ ਨਜਾਇਜ਼ ਫੀਸਾਂ ਵਧਾਉਣ ਤੋਂ ਰੋਕਿਆ ਜਾਵੇਗਾ।
  4. ਸਾਰੀਆਂ ਮਾਵਾਂ-ਭੈਣਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ।
  5. ਹਰ ਬੇਰੋਜ਼ਗਾਰ ਨੌਜਵਾਨ ਲਈ ਰੁਜ਼ਗਾਰ ਦਾ ਪ੍ਰਬੰਧ ਕਰਨਾ।

Leave a Reply

Your email address will not be published. Required fields are marked *