ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਲਗਾਤਾਰ ਘਿਰਦੀ ਨਜ਼ਰ ਆ ਰਹੀ ਹੈ। ਹਾਲਾਤ ਇਹ ਹੋ ਗਏ ਹਨ ਕਿ ਕੜੀ ਸੁਰੱਖਿਆ ਨਾਲ ਲੈੱਸ ਜੇਲ੍ਹਾਂ ਵਿੱਚੋਂ ਵੀ ਝੜਪ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਦਾ, ਇੱਕ ਵਾਰ ਮੁੜ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਸੁਰਖੀਆਂ ਵਿੱਚ ਆਈ ਹੈ, ਕਿਉਂਕਿ ਜੇਲ੍ਹ ਅੰਦਰ 2 ਗੁੱਟਾਂ ਵਿਚਕਾਰ ਖੂਨੀ ਝੜਪ ਹੋ ਗਈ। ਜੇਲ੍ਹ ਅੰਦਰ ਹੋਈ ਇਸ ਖੂਨੀ ਝੜਪ ਦੌਰਾਨ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਤੁਰੰਤ ਜੇਲ੍ਹ ਪ੍ਰਸ਼ਾਸਨ ਵੱਲੋਂ ਇਲਾਜ ਲਈ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਨੌਜਵਾਨ ਦੀ ਪਛਾਣ ਗੁਰਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵੱਜੋਂ ਹੋਈ ਹੈ। ਹਾਲਾਂਕਿ ਜ਼ਖਮੀ ਗੁਰਜਿੰਦਰ ਕਿਥੋਂ ਦਾ ਰਹਿਣ ਵਾਲਾ ਹੈ ਤੇ ਕਿਹੜੇ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਹੈ, ਇਸ ਬਾਰੇ ਜਾਣਕਾਰੀ ਨਹੀਂ ਸਾਹਮਣੇ ਆਈ ਹੈ। ਗੁਰਜਿੰਦਰ ਗੰਭੀਰ ਜ਼ਖਮੀ ਹੋਇਆ ਹੈ ਤੇ ਉਸਦੀ ਅੱਖ ਹੇਠਾਂ ਅਤੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਪੀੜਤ ਦੇ ਦੱਸਿਆ ਕਿ ਉਸਦੇ ਸਿਰ ਉੱਤੇ ਰਾਡ ਨਾਲ ਵਾਰ ਕੀਤੇ ਗਏ ਸਨ। ਹਾਲਾਂਕਿ ਜਦੋਂ ਜੇਲ੍ਹ ਮੁਲਾਜ਼ਮਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਸਿਵਲ ਹਸਪਤਾਲ ਦੀ ਡਾਕਟਰ ਦਾ ਕਹਿਣਾ ਹੈ ਕਿ ਮਰੀਜ਼ ਦਾ ਇਲਾਜ ਕਰਕੇ ਉਸਨੂੰ ਦੁਬਾਰਾ ਜੇਲ੍ਹ ਭੇਜ ਦਿੱਤਾ ਗਿਆ ਹੈ ਤੇ ਉਸਦੀ ਅੱਖਾਂ ਹੇਠਾਂ ਅਤੇ ਸਿਰ ਵਿੱਚ ਕਈ ਟਾਂਕੇ ਲੱਗੇ ਹਨ।