ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਟ੍ਰੈਫਿਕ ਵਿਭਾਗ ਦੇ ਨਵੇਂ ਨਿਯਮਾਂ ਨੂੰ ਲੈ ਕੇ ਸਕੂਲਾਂ ’ਚ ਜਾ ਕੇ ਬੱਚਿਆਂ ਨੂੰ ਮੋਟਰ ਵਹੀਕਲ ਐਕਟ (ਸੋਧ 2019) ਦੀ ਧਾਰਾ 199-ਏ ਤੇ 199-ਬੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕੋਈ ਨਾਬਾਲਗ ਬੱਚਾ ਭਲਕੇ ਤੋਂ ਬਾਅਦ 2 ਪਹੀਆ ਤੇ 4 ਪਹੀਆ ਵਹੀਕਲ ਚਲਾਉਂਦਾ ਜਾਂ ਚੈਕਿੰਗ ਦੌਰਾਨ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦਾ ਮਿਲਿਆ ਤਾਂ ਉਸ ਦੇ ਮਾਤਾ-ਪਿਤਾ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸੇ ਤਹਿਤ ਨਾਬਾਲਗ ਬੱਚੇ ਵਾਹਨ ਚਲਾਉਣ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕਰਨ ਅਤੇ ਜੇਕਰ ਉਨ੍ਹਾਂ ਨੂੰ ਵਾਹਨ ਚਲਾਉਂਦੇ ਹੋਏ ਫੜਿਆ ਜਾਂਦਾ ਹੈ ਤਾਂ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ’ਤੇ ਵੀ ਕਾਰਵਾਈ ਕੀਤੀ ਜਾਵੇਗੀ। ਇਸੇ ਅਧਾਰ ‘ਤੇ ਫਰੀਦਕੋਟ ‘ਚ ਰੋਟਰੀ ਕਲੱਬ ਅਤੇ ਟਰੈਫਿਕ ਪੁਲਿਸ ਵੱਲੋਂ ਗਾਂਧੀ ਸਕੂਲ ‘ਚ ਇੱਕ ਸੈਮੀਨਾਰ ਕਰਵਾਇਆ। ਜਿਸ ਵਿਚ ਵਿਸ਼ੇਸ਼ ਤੌਰ ‘ਤੇ ਫਰੀਦਕੋਟ ਦੇ ssp ਹਰਜੀਤ ਸਿੰਘ ਨੇ ਪਹੁੰਚ ਕੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਕਿ ਅਸੀਂ ਫਿਲਹਾਲ ਜਾਗਰੂਕ ਕਰਾਂਗੇ। ਜੇਕਰ ਫਿਰ ਵੀ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਨੂੰ 25,000 ਰੁਪਏ ਜੁਰਮਾਨਾ ਹੋ ਸਕਦਾ। ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ 3 ਸਾਲ ਦੀ ਕੈਦ ਵੀ ਹੋ ਸਕਦੀ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ 50 CC ਤੋਂ ਘੱਟ ਜਾਂ ਇਲੈਕਟ੍ਰਾਨਿਕ ਵਾਲੇ ਵਾਹਨ ’ਤੇ ਚਾਲਾਨ ਨਹੀਂ ਕੀਤਾ ਜਾਵੇਗਾ। ਅਜਿਹੇ ਵਾਹਨ ਚਲਾਉਣ ਵਾਲਿਆਂ ਦੇ ਮਾਂ-ਬਾਪ ਨੂੰ ਮੌਕੇ ’ਤੇ ਬੁਲਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਸਮਝਾਇਆ ਜਾਵੇਗਾ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਦੀ ਇਜਾਜ਼ਤ ਨਾ ਦੇਣ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਵੱਲੋਂ ਵੀ ਦੱਸਿਆ ਕਿ 1 ਤਰੀਕ ਤੋਂ ਬਾਅਦ 18 ਸਾਲ ਉਮਰ ਤੋਂ ਘੱਟ ਬੱਚੇ ਵਹੀਕਲ ਨਾ ਚਲਾਉਣ। ਉਨ੍ਹਾਂ ਦੇ ਮਾਪੇ ਵੀ ਇਸ ਵਿਸ਼ੇ ‘ਤੇ ਅਮਲ ਕਰਨ। ਕਲੱਬ ਵਲੋਂ ਬਕਾਇਦਾ ਪੋਸਟਰ ਲਗਾ ਕੇ ਇਹ ਗੱਲ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਮੌਕੇ ਬੱਚਿਆਂ ਨੇ ਖੁਦ ਸਰਕਾਰ ਅਤੇ ਟ੍ਰੈਫਿਕ ਨਿਯਮਾਂ ਦੀ ਇਸ ਪਾਲਣਾ ਨੂੰ ਮੰਨਦੇ ਹੋਏ ਕਿਹਾ ਕਿ ਜੇਕਰ ਅਸੀਂ ਸਾਈਕਲ ‘ਤੇ ਆਵਾਂਗੇ ਤਾਂ ਸਾਡਾ ਕੋਈ ਖਰਚਾ ਨਹੀਂ ਹੋਵੇਗਾ। ਸਾਡੀ ਸਿਹਤ ਤੰਦਰੁਸਤ ਰਹੇਗੀ , ਆਪਣੇ ਮਾਪਿਆਂ ਦਾ ਵੀ ਖਿਆਲ ਰੱਖਾਂਗੇ। ਇਸ ਲਈ ਜੋ ਨਿਯਮ ਹਨ ,ਉਹ ਵਧੀਆ ਨੇ ਅਤੇ ਸਾਰੇ ਬੱਚਿਆਂ ਨੂੰ ਇਨ੍ਹਾਂ ਨਿਯਮਾਂ ਦੇ ਅਧਾਰ ‘ਤੇ ਚੱਲਣਾ ਚਾਹੀਦਾ ਹੈ।