ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਰਤੀ ਹਾਕੀ ਟੀਮ ਨੂੰ ਉਤਸ਼ਾਹਿਤ ਕਰਨ ਲਈ ਇੱਕ-ਦੋ ਦਿਨਾਂ ਵਿੱਚ ਪੈਰਿਸ ਦਾ ਦੌਰਾ ਕਰਨ ਦੀ ਉਮੀਦ ਕਰ ਰਹੇ ਹਨ। ਦੱਸਣਯੋਗ ਹੈ ਕਿ ਭਾਰਤੀ ਹਾਕੀ ਟੀਮ ਵਿੱਚ ਜ਼ਿਆਦਾਤਰ ਖਿਡਾਰੀ ਪੰਜਾਬ ਦੇ ਹਨ। ਇਹ ਟੀਮ 4 ਅਗਸਤ ਨੂੰ ਓਲੰਪਿਕ ਵਿੱਚ ਆਪਣਾ ਪਹਿਲਾ ਕੁਆਰਟਰ ਫਾਈਨਲ ਮੈਚ ਖੇਡੇਗੀ। ਦਰਅਸਲ, ਮੁੱਖ ਮੰਤਰੀ ਅਜੇ ਵੀ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਤੋਂ ਸਿਆਸੀ ਮਨਜ਼ੂਰੀ ਦੀ ਉਡੀਕ ਕਰ ਰਹੇ ਹਨ। ਇਹ ਮਨਜ਼ੂਰੀ ਉੱਚ ਪੱਧਰੀ ਸਿਆਸੀ ਆਗੂਆਂ ਦੀ ਯਾਤਰਾ ਲਈ ਲਾਜ਼ਮੀ ਸ਼ਰਤ ਹੈ। ਇਕ ਨਿੱਜੀ ਚੈੱਨਲ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਉਹ 3 ਅਗਸਤ ਦੀ ਰਾਤ ਨੂੰ ਪੈਰਿਸ ਜਾਣਾ ਚਾਹੁੰਦੇ ਹਨ ਤਾਂ ਜੋ ਉਹ ਅਗਲੇ ਦਿਨ ਭਾਰਤੀ ਹਾਕੀ ਟੀਮ ਦਾ ਮੈਚ ਦੇਖਣ ਲਈ ਸਮੇਂ ਸਿਰ ਪਹੁੰਚ ਸਕਣ। ਉਨ੍ਹਾਂ ਨੇ ਦੱਸਿਆ ਕਿ ਮੈਂ ਟੀਮ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹਾਂ। ਕੁੱਲ 22 ਹਾਕੀ ਖਿਡਾਰੀਆਂ ਵਿੱਚੋਂ 19 ਪੰਜਾਬ ਦੇ ਹਨ। ਮੈਨੂੰ ਪੰਜਾਬ ਦੇ ਇਹਨਾਂ ਮੁੰਡਿਆਂ ‘ਤੇ ਬਹੁਤ ਮਾਣ ਹੈ। ਇਕ ਵਿਸ਼ੇਸ਼ ਦਸਤਾਵੇਜ਼ ਦਾ ਹਵਾਲਾ ਦਿੰਦੇ ਹੋਏ ਮਾਨ ਨੇ ਕਿਹਾ ਕਿ ਮੇਰੇ ਕੋਲ ਲਾਲ ਰੰਗ ਦਾ ਡਿਪਲੋਮੈਟਿਕ ਪਾਸਪੋਰਟ ਹੈ। ਇਹ ਦਸਤਾਵੇਜ਼ ਸੀਨੀਅਰ ਸਿਆਸੀ ਨੇਤਾਵਾਂ ਲਈ ਹੈ ਜੋ ਉਨ੍ਹਾਂ ਨੂੰ ਦੁਨੀਆ ਦੇ ਕਿਸੇ ਵੀ ਦੇਸ਼ ਦਾ ਵੀਜ਼ਾ ਦੇਣ ਦੀ ਗਾਰੰਟੀ ਦਿੰਦਾ ਹੈ। ਇਸ ਦਾ ਮਤਲਬ ਹੈ ਕਿ ਮੈਂ ਰਿਕਾਰਡ ਸਮੇਂ ਵਿੱਚ ਫਰਾਂਸ ਦਾ ਵੀਜ਼ਾ ਪ੍ਰਾਪਤ ਕਰ ਸਕਦਾ ਹਾਂ, ਪਰ ਮੇਰੇ ਅਧਿਕਾਰੀ ਸਿਆਸੀ ਮਨਜ਼ੂਰੀ ਲਈ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਵਿੱਚ ਕਈ ਘੰਟਿਆਂ ਤੋਂ ਉਡੀਕ ਕਰ ਰਹੇ ਹਨ। ਮੇਰੀ ਪ੍ਰਸਤਾਵਿਤ ਉਡਾਣ ਲਈ ਦੋ ਦਿਨ ਬਾਕੀ ਹਨ ਅਤੇ ਅਜੇ ਮਨਜ਼ੂਰੀ ਨਹੀਂ ਮਿਲੀ ਹੈ।