ਹਿਮਾਚਲ ਪ੍ਰਦੇਸ਼ ਵਿੱਚ ਅੱਧੀ ਰਾਤ ਛੇ ਥਾਵਾਂ ‘ਤੇ ਬੱਦਲ ਫਟਣ ਨਾਲ ਭਾਰੀ ਤਬਾਹੀ ਮਚੀ ਹੈ। ਇਸ ਤਬਾਹੀ ਵਿੱਚ ਹੁਣ ਤੱਕ ਪੰਜ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 48 ਲੋਕ ਹਾਲੇ ਵੀ ਲਾਪਤਾ ਹਨ। ਸਮੇਜ ਵਿੱਚ 36, ਬਾਗੀਪੁਲ ਵਿੱਚ 5 ਤੇ ਮੰਡੀ ਦੇ ਰਾਜਬਨ ਦੇ ਸਮੇਜ ਵਿੱਚ 7 ਲੋਕ ਲਾਪਤਾ ਹਨ। ਕੁੱਲੂ ਜ਼ਿਲ੍ਹੇ ਵਿੱਚ ਨੈਨ ਸਰੋਵਰ, ਭੀਮਡਵਾਰੀ, ਮਲਾਣਾ, ਮੰਡੀ ਵਿੱਚ ਰਾਜਬਨ, ਚੰਬਾ ਵਿੱਚ ਰਾਜਨਗਰ ਤੇ ਲਾਹੌਲ ਦੇ ਜਾਹਲਮਾ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ। ਰਾਮਪੁਰ ਦੇ ਸਮੇਜ ਵਿੱਚ ਸ਼ੁੱਕਰਵਾਰ ਸਵੇਰੇ 6 ਵਜੇ NDRF ਤੇ SDRF ਵੱਲੋਂ ਬਚਾਅ ਅਭਿਆਨ ਸ਼ੁਰੂ ਹੋਇਆ। ਇਸ ਮੌਕੇ SDM ਰਾਮਪੁਰ ਨਿਸ਼ਾਂਤ ਤੋਮਰ ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਹਨ। ਉੱਥੇ ਹੀ ਖਰਾਬ ਮੌਸਮ ਕਾਰਨ CM ਸੁਖਵਿੰਦਰ ਸਿੰਘ ਸੁੱਖੂ ਦਾ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ। CM ਅਨਾਡੋਲ ਤੋਂ ਵਾਪਸ ਦਫਤਰ ਪਰਤ ਆਏ। ਦੱਸਿਆ ਜਾ ਰਿਹਾ ਹੈ ਕਿ ਬੱਦਲ ਫਟਣ ਦੀ ਘਟਨਾ ਕਾਰਨ 47 ਘਰ, 10 ਦੁਕਾਨਾਂ , 17 ਪੁੱਲ, 3 ਸਚੋਲ, ਇੱਕ ਡਿਸਪੇਂਸਰੀ, ਬੱਸ ਅੱਡਾ, 30 ਗੱਡੀਆਂ, ਦੋ ਬਿਜਲੀ ਪ੍ਰੋਜੈਕਟ ਤੇ ਇੱਕ ਬੰਨ੍ਹ ਰੁੜ ਗਿਆ। ਇਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਕੁੱਲੂ ਨੇ ਦੱਸਿਆ ਕਿ ਮੁੱਢਲੇ ਸਕੂਲਾਂ ਨੂੰ ਹੋਰ ਸਰਕਾਰੀ ਭਵਨ ਵਿੱਚ ਸ਼ਿਫਟ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਆਦੇਸ਼ ਦਿੱਤੇ ਹਨ ਕਿ ਸੁਰੱਖਿਅਤ ਸਥਾਨ ਨੂੰ ਚੁਣਿਆ ਜਾਵੇ ਜਿੱਥੇ ਬੱਚਿਆਂ ਨੂੰ ਹੋਰ ਸਕੂਲ ਸ਼ਿਫਟ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੁੱਲੂ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਪੀੜਤਾਂ ਨੂੰ ਤੁਰੰਤ ਰਾਹਤ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਬਿਜਲੀ ਦੀ ਸਪਲਾਈ ਬਹਾਲ ਕਰਨ ਦਾ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਦੱਸ ਦੇਈਏ ਇਸ ਸਬੰਧੀ ਹਿਮਾਚਲ ਦੇ CM ਸੁੱਖੂ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਰਾਹਤ ਤੇ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਆਫ਼ਤ ਵਿੱਚ ਸੜਕਾਂ, ਪੁੱਲ ਤੇ ਜਲ ਪੂਰਤੀ ਯੋਜਨਾਵਾਂ ਹਾਦਸਾਗ੍ਰਸਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਜਿਨ੍ਹਾਂ ਲੋਕਾਂਦੀ ਜਾਨ ਗਈ ਹੈ ਉਨ੍ਹਾਂ ਦੀਆਂ ਦੇਹਾਂ ਦੀ ਰਿਕਵਰੀ ਦਾ ਕੰਮ ਜਾਰੀ ਹੈ। NDRF, SDRF, ਫੌਜ ਤੇ ਪੁਲਿਸ ਦੀਆਂ ਟੀਮਾਂ ਜੰਗੀ ਪੱਧਰ ‘ਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।