ਫਿਲੌਰ ਵਿਖੇ ਅੱਪਰਾ ਦੇ ਨੇੜਲੇ ਪਿੰਡ ਛੋਕਰਾਂ ਵਿਖੇ ਇਕ ਮਾਮੂਲੀ ਤਕਰਾਰ ਦੌਰਾਨ 3 ਵਿਅਕਤੀਆਂ ਵੱਲੋਂ ਇਕ ਵਿਅਕਤੀ ਦੇ ਸਿਰ ‘ਚ ਇੱਟਾਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਕਾਤਲ ਫਰਾਰ ਦੱਸੇ ਜਾ ਰਹੇ ਹਨ। ਐੱਸ. ਐੱਚ. ਓ. ਸੁਖਦੇਵ ਸਿੰਘ ਥਾਣਾ ਫਿਲੌਰ ਅਤੇ ਸਬ-ਇੰਸਪੈਕਟਰ ਸੁਖਵਿੰਦਰਪਾਲ ਸਿੰਘ ਮੁਲਤਾਨੀ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਗਏ ਲਿਖ਼ਤੀ ਬਿਆਨਾਂ ‘ਚ ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਬੀਤੀ ਰਾਤ ਪੀਰ ਲੱਖ ਦਾਤਾ ਦੇ ਅਸਥਾਨ ਨੇੜੇ ਉਸ ਦੇ ਪਿਤਾ ਰੂਪ ਲਾਲ ਉਰਫ਼ ਰੂਪੀ ਪੁੱਤਰ ਜੀਤ ਰਾਮ ਨੂੰ ਪਿੰਡ ਦੇ ਹੀ 3 ਵਿਅਕਤੀਆਂ ਨੇ ਰੋਕ ਕੇ ਸ਼ਰਾਬ ਪਿਲਾਉਣ ਬਾਰੇ ਕਹਿਣ ਲੱਗੇ। ਮੇਰੇ ਪਿਤਾ ਨੇ ਉਨ੍ਹਾਂ ਨੂੰ ਸ਼ਰਾਬ ਪਿਲਾਉਣ ਤੋਂ ਮਨ੍ਹਾ ਕਰ ਦਿੱਤਾ ਕਿ ਮੈਂ ਦਿਹਾੜੀਦਾਰ ਵਿਅਕਤੀ ਹਾਂ। ਮੇਰੇ ਘਰ ਦਾ ਗੁਜ਼ਾਰਾ ਹੀ ਮੁਸ਼ਕਿਲ ਨਾਲ ਚਲਦਾ ਹੈ, ਇਸ ਲਈ ਮੈਂ ਸ਼ਰਾਬ ਨਹੀਂ ਪਿਲਾ ਸਕਦਾ। ਇੰਨੀ ਗੱਲ ਸੁਣਦੇ ਹੀ ਸੁੱਚਾ ਰਾਮ ਅਤੇ ਉਸ ਦੇ ਸਾਥੀ ਕਮਲਜੀਤ ਘੁੱਲਾ ਨੇ ਰੂਪ ਲਾਲ ਦੇ ਸਿਰ ‘ਚ ਇੱਟਾਂ ਮਾਰੀਆਂ ਅਤੇ ਹੇਠਾਂ ਸੁੱਟ ਕੇ ਠੁੱਡੇ ਮਾਰੇ। ਇਸ ਦੌਰਾਨ ਇਨ੍ਹਾਂ ਦੇ ਤੀਜੇ ਸਾਥੀ ਜਸਵਿੰਦਰ ਪਾਲ ਜੱਸੀ ਨੇ ਵੀ ਇਨ੍ਹਾਂ ਦਾ ਪੂਰਾ ਸਾਥ ਦਿੱਤਾ। ਇਸ ਕੁੱਟਮਾਰ ‘ਚ ਮੇਰੇ ਪਿਤਾ ਦੇ ਸਿਰ ‘ਚ ਗੰਭੀਰ ਸੱਟਾਂ ਲੱਗ ਗਈਆਂ। ਰੂਪ ਲਾਲ ਦੇ ਪੁੱਤਰ ਨੇ ਦੱਸਿਆ ਕਿ ਜਦੋਂ ਮੈਂ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਅੱਪਰਾ ਵਿਖੇ ਦਾਖ਼ਲ ਕਰਵਾਉਣ ਲਈ ਲੈ ਕੇ ਜਾਣ ਲੱਗਾ ਤਾਂ ਇਨ੍ਹਾਂ ਤਿੰਨਾਂ ਨੇ ਮੈਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਤੂੰ ਉਥੇ ਜਾ ਕੇ ਦੱਸਿਆ ਕਿ ਸਾਡੀ ਲੜਾਈ ਹੋਈ ਹੈ ਤਾਂ ਅਸੀਂ ਤੈਨੂੰ ਵੀ ਜਾਨੋਂ ਮਾਰ ਦੇਵਾਂਗੇ। ਰੂਪ ਲਾਲ ਦੇ ਬੇਟੇ ਨੇ ਅੱਗੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਨੇ ਮੇਰੀ ਵੀ ਕੁੱਟਮਾਰ ਕੀਤੀ ਅਤੇ ਸਿਰ, ਪੈਰ ਅਤੇ ਲੱਤਾਂ ‘ਤੇ ਸੱਟਾਂ ਮਾਰੀਆਂ। ਐੱਸ. ਐੱਚ. ਓ. ਸੁਖਦੇਵ ਸਿੰਘ ਥਾਣਾ ਫਿਲੌਰ ਨੇ ਅੱਗੇ ਦੱਸਿਆ ਕਿ ਬੀਤੇ ਦਿਨ ਰੂਪ ਲਾਲ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਤਿੰਨਾਂ ਦੋਸ਼ੀਆਂ ਸੁੱਚਾ ਰਾਮ ਪੁੱਤਰ ਸੋਹਣ ਲਾਲ, ਕਮਲਜੀਤ ਘੁੱਲਾ ਪੁੱਤਰ ਨੰਜੂ ਰਾਮ ਅਤੇ ਜਸਵਿੰਦਰ ਪਾਲ ਉਰਫ਼ ਜੱਸੀ ਪੁੱਤਰ ਚਰਨਜੀਤ ਰਾਮ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।