ਮੋਗਾ ਦੇ ਪਿੰਡ ਡੋਰਲੀ ਭਾਈ ਸੀਨੀਅਰ ਸੈਕੰਡਰੀ ਸਕੂਲ ‘ਚ ਕਬੱਡੀ ਖੇਡਣ ‘ਤੇ ਸਕੂਲ ਦੇ ਅਧਿਆਪਕ ਵੱਲੋਂ 9ਵੀਂ ਜਮਾਤ ਦੇ ਵਿਦਿਆਰਥੀ ਨੂੰ ਡੰਡੇ ਨਾਲ ਕੁੱਟਿਆ ਗਿਆ। ਜਿਸ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਨੌਵੀਂ ਜਮਾਤ ਵਿਚ ਪੜ੍ਹਦਾ ਸਹਿਜਪ੍ਰੀਤ ਸਿੰਘ ਇੱਕ ਚੰਗਾ ਕਬੱਡੀ ਖਿਡਾਰੀ ਹੈ ਅਤੇ ਸਕੂਲ ਦੇ ਵਲੋਂ ਕਬੱਡੀ ਟੀਮ ਦੀ ਕਪਤਾਨੀ ਵੀ ਕਰਦਾ ਹੈ। ਮੰਗਲਵਾਰ ਨੂੰ ਜਦੋਂ ਸਹਿਜਪ੍ਰੀਤ ਸਿੰਘ ਆਪਣੀ ਤਬੀਅਤ ਠੀਕ ਨਾ ਹੋਣ ਕਾਰਨ ਕਬੱਡੀ ਖੇਡਣ ਤੋਂ ਮਨ੍ਹਾ ਕਰਨ ਤੇ ਅਧਿਆਪਕ ਨੇ ਉਸ ਨੂੰ ਡੰਡੇ ਨਾਲ ਕੁੱਟਿਆ ਅਤੇ ਜ਼ਮੀਨ ‘ਤੇ ਸੁੱਟਣ ਤੋਂ ਬਾਅਦ ਲੱਤਾਂ ਵੀ ਮਾਰ ਦਿੱਤੀਆਂ। ਇਸ ਮਾਮਲੇ ‘ਚ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਜ਼ਖਮੀ ਸਹਿਜਪ੍ਰੀਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਸਕੂਲ ਦੀ ਕਬੱਡੀ ਟੀਮ ਨੇ ਮੈਚ ਖੇਡਣ ਲਈ ਕਿਤੇ ਜਾਣਾ ਸੀ। ਸਿਹਤ ਖ਼ਰਾਬ ਹੋਣ ਕਾਰਨ ਵਿਦਿਆਰਥੀ ਨੇ ਮੈਚ ਖੇਡਣ ਤੋਂ ਨਾਂਹ ਕਰ ਦਿੱਤੀ ਅਤੇ ਟੀਮ ਦੀ ਸੂਚੀ ਵੀ ਤਿਆਰ ਕਰਕੇ ਅਧਿਆਪਕ ਪਰਮਜੀਤ ਅਧਿਆਪਕ ਨੂੰ ਦੇ ਦਿੱਤੀ। ਫਿਰ ਵਿਦਿਆਰਥੀ ਨੇ ਕਿਹਾ ਕਿ ਮੇਰਾ ਭਰਾ ਮੇਰੀ ਥਾਂ ’ਤੇ ਖੇਡੇਗਾ ਪਰ ਅਧਿਆਪਕ ਨੇ ਕੋਈ ਗੱਲ ਨਹੀਂ ਸੁਣੀ, ਉਸ ਨੇ ਸਾਨੂੰ ਡੰਡੇ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਵਿਦਿਅਰਥੀ ਦੇ ਸਿਰ ‘ਤੇ ਮੁੱਕਾ ਮਾਰਨਾ ਸ਼ੁਰੂ ਕਰ ਦਿੱਤੇ, ਜਦ ਕੰਨ ‘ਚੋਂ ਰੇਸ਼ਾ ਨਿਕਲਣਾ ਸ਼ੁਰੂ ਹੋ ਗਿਆ ਫਿਰ ਉਸ ਨੇ ਘਰ ਜਾ ਕੇ ਦੱਸਿਆ ਅਤੇ ਫਿਰ ਹਸਪਤਾਲ ਵਿਚ ਦਾਖਲ ਕਰਵਾਇਆ। ਵਿਦਿਆਰਥੀ ਨੇ ਦੱਸਿਆ ਕਿ ਮਾਂ ਨਰੇਗਾ ’ਚ ਕੰਮ ਕਰਦੀ ਹੈ, ਇਸੇ ਕਰਕੇ ਅਧਿਆਪਕ ਨੇ ਕਿਹਾ ਕਿ ਉਹ ਨਰੇਗਾ ਵਾਲਿਆਂ ਨੂੰ ਅੱਗੇ ਨਹੀਂ ਵਧਣ ਦੇਣਗੇ। ਇਸੇ ਸਕੂਲ ਦੇ ਅਧਿਆਪਕ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਸਹਿਜਪ੍ਰੀਤ ਸਿੰਘ ਦੀ ਕੁੱਟਮਾਰ ਨਹੀਂ ਕੀਤੀ, ਉਸ ਨੇ ਸਾਡੇ ’ਤੇ ਪਤਾ ਨਹੀਂ ਕਿਉਂ ਝੂਠੇ ਦੋਸ਼ ਲਾਏ ਹਨ। ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਸਹਿਜਪ੍ਰੀਤ ਸਿੰਘ ਦੀ ਮਾਤਾ ਰਮਨਦੀਪ ਕੌਰ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਲੜਕੇ ਸਹਿਜਪ੍ਰੀਤ ਸਿੰਘ ਦੀ ਸਕੂਲ ਅਧਿਆਪਕ ਪਰਮਜੀਤ ਸਿੰਘ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਉਸ ਦੇ ਲੜਕੇ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਬੱਚੇ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪਰਿਵਾਰ ਜੋ ਵੀ ਬਿਆਨ ਦੇਵੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।