ਥਾਣਾ ਸਦਰ ਕੋਟਕਪੂਰਾ ਅਧੀਨ ਆਉਂਦੇ ਮੋਗਾ ਰੋਡ ‘ਤੇ ਪੈਂਦੇ ਪਹਿਲੇ ਪਿੰਡ ਪੰਜਗਰਾਈ ਕਲਾਂ ਵਿਖੇ ਪੁਲਿਸ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਦੋ ਮੋਟਰ ਸਾਈਕਲਾਂ ਸਵਾਰਾਂ ਨੂੰ ਰੋਕੇ ਜਾਣ ਤੋਂ ਬਾਅਦ ਮੋਟਰ ਸਾਈਕਲ ਸਵਾਰ ਨੌਜਵਾਨਾਂ ਵੱਲੋਂ ਨਾ ਰੋਕਣ ’ਤੇ ਪੁਲਿਸ ਵੱਲੋਂ ਕੀਤੇ ਗਏ ਫਾਇਰ ਨਾਲ ਇੱਕ ਨੌਜਵਾਨ ਦੇ ਜ਼ਖ਼ਮੀ ਹੋ ਜਾਣ ਦਾ ਪਤਾ ਲੱਗਿਆ ਹੈ। ਇਸ ਸਬੰਧ ਵਿੱਚ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੰਜਗਰਾਈ ਕਲਾਂ ਵਿਖੇ ਚੌਂਕੀ ਇੰਚਾਰਜ ਦੀ ਅਗਵਾਈ ਹੇਠ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਕਿ ਇਸ ਦੌਰਾਨ ਕੋਟਕਪੂਰਾ ਵਾਲੇ ਪਾਸਿਓਂ ਆਏ ਦੋ ਬਾਈਕ ਸਵਾਰਾਂ ਨੂੰ ਰੁਕਣ ਲਈ ਇਸ਼ਾਰਾ ਕੀਤਾ ਪ੍ਰੰਤੂ ਉਕਤ ਬਾਈਕ ਸਵਾਰਾਂ ਨੇ ਪੁਲਿਸ ਦੇ ਡਰ ਤੋਂ ਬਾਈਕ ਭਜਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਇਸ ਦੌਰਾਨ ਉਹ ਡਿੱਗ ਪਏ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਚੌਂਕੀ ਇੰਚਾਰਜ ਵੱਲੋਂ ਇੱਕ ਫਾਇਰ ਕੀਤਾ ਗਿਆ, ਜੋ ਇੱਕ ਨੌਜਵਾਨ ਦੀ ਬਾਂਹ ‘ਤੇ ਲੱਗਿਆ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਦੋਵਾਂ ਮੋਟਰ ਸਾਈਕਲ ਸਵਾਰਾਂ, ਜਿੰਨ੍ਹਾਂ ਵਿੱਚੋਂ ਇੱਕ ਨਾਬਾਲਿਗ ਦੱਸਿਆ ਜਾ ਰਿਹਾ ਹੈ, ਨੂੰ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧ ਵਿੱਚ ਜਸਮੀਤ ਸਿੰਘ ਐਸ.ਪੀ. ਫਰੀਦਕੋਟ ਨੇ ਦੱਸਿਆ ਕਿ 15 ਅਗਸਤ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸੇ ਸਬੰਧ ਵਿੱਚ ਪਿੰਡ ਪੰਜਗਰਾਈ ਕਲਾਂ ਵਿਖੇ ਵੀ ਨਾਕਾਬੰਦੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਭਜਾਉਣ ਦੀ ਕੋਸ਼ਿਸ਼ ਵਿੱਚ ਉਕਤ ਬਾਈਕ ਸਵਾਰ ਲੜਕੇ ਡਿੱਗ ਪਏ ਅਤੇ ਉਨ੍ਹਾਂ ਦੇ ਰਗੜਾਂ ਤੇ ਸੱਟਾਂ ਵੱਜੀਆਂ। ਇੱਕ ਲੜਕੇ ਹਰਕੀਰਤ ਸਿੰਘ ਪੁੱਤਰ ਸੁੱਖਵਿੰਦਰ ਸਿੰਘ ਦੇ ਗੋਲੀ ਲੱਗਣ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਦੱਸਿਆ ਕਿ ਚੌਂਕੀ ਇੰਚਾਰਜ ਵੱਲੋਂ ਡਰਾਉਣ ਲਈ ਹਵਾ ਵਿੱਚ ਫਾਇਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਲੜਕਿਆਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਅਤੇ ਇਸ ਦੌਰਾਨ ਹੀ ਪਤਾ ਲੱਗੇਗਾ ਕਿ ਉਕਤ ਲੜਕੇ ਦੇ ਗੋਲੀ ਲੱਗੀ ਹੈ ਜਾਂ ਨਹੀ।