ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ 2024 ਵਿੱਚ ਸਿਲਵਰ ਮੈਡਲ ਹਾਸਿਲ ਕੀਤਾ। ਫਾਈਨਲ ਮੁਕਾਬਲੇ ਵਿੱਚ ਨੀਰਜ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 89.45 ਮੀਟਰ ਦਾ ਥ੍ਰੋਅ ਸੁੱਟਿਆ। ਇਹ ਇਸ ਸੀਜ਼ਨ ਨੀਰਜ ਦਾ ਸਭ ਤੋਂ ਵਧੀਆ ਥ੍ਰੋਅ ਰਿਹਾ। ਨੀਰਜ ਅਜਿਹੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੇ ਓਲੰਪਿਕ ਦੇ ਵਿਅਕਤੀਗਤ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਇੱਕ ਹੋਰ ਤਮਗਾ ਜਿੱਤਿਆ ਹੈ। ਨੀਰਜ ਇੱਕ ਗੋਲਡ ਤੇ ਇੱਕ ਸਿਲਵਰ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਹਨ।ਨੀਰਜ ਚੋਪੜਾ ਦੇ ਸਿਲਵਰ ਮੈਡਲ ਜਿੱਤਣ ‘ਤੇ CM ਭਗਵੰਤ ਮਾਨ ਨੇ ਵੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਨੀਰਜ ਚੋਪੜਾ ਨੂੰ ਵਧਾਈ ਦਿੰਦਿਆਂ ਕਿਹਾ, “ਓਲੰਪਿਕ ਤੇ ਵਿਸ਼ਵ ਚੈਂਪੀਅਨ ਭਾਰਤ ਦੇ ਜੈਵਲਿਨ ਥਰੋਅਰ ਅਥਲੀਟ ਨੀਰਜ ਚੋਪੜਾ ਨੂੰ ਪੈਰਿਸ ਓਲੰਪਿਕਸ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ਉੱਤੇ ਬਹੁਤ ਬਹੁਤ ਮੁਬਾਰਕਾਂ। ਨੀਰਜ ਭਾਰਤੀ ਅਥਲੈਟਿਕਸ ਤੇ ਖੇਡਾਂ ਦੀ ਸ਼ਾਨ ਹੈ ਜਿਸ ਨੇ ਓਲੰਪਿਕਸ ਵਿੱਚ ਪਿਛਲੀ ਵਾਰ ਸੋਨੇ ਅਤੇ ਐਤਕੀਂ ਚਾਂਦੀ ਦਾ ਤਮਗ਼ਾ ਜਿੱਤਿਆ।” ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਨੀਰਜ ਚੋਪੜਾ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਨੀਰਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼ਾਨਦਾਰ ਨੀਰਜ ਚੋਪੜਾ ਨੇ ਦੇਸ਼ ਨੂੰ ਮਾਣ ਦਿਵਾਇਆ। ਬਹੁਤ ਸ਼ਾਨਦਾਰ ਚੈਂਪੀਅਨ। ਪੈਰਿਸ ਓਲੰਪਿਕ ਵਿੱਚ ਸਿਲਵਰ ਜਿੱਤਣ ‘ਤੇ ਵਧਾਈ। ਆਪਣੇ ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਇੱਕ ਸ਼ਾਨਦਾਰ ਕਿੱਸਾ ਲਿਖ ਕੇ ਤਿਰੰਗੇ ਦਾ ਮਾਣ ਵਧਾਇਆ ਹੈ। ਪੂਰਾ ਦੇਸ਼ ਤੁਹਾਡੀ ਇਸ ਉਪਲਬਧੀ ‘ਤੇ ਖੁਸ਼ੀ ਮਨਾ ਰਿਹਾ ਹੈ ।