ਕਿਸਾਨਾਂ ਵੱਲੋਂ ਮੁੜ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਨ ਦੀ ਤਿਆਰੀ ! , ਕਿਸਾਨਾਂ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ

ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ‘ਤੇ ਕਿਸਾਨਾਂ ਅਤੇ ਟੋਲ ਪਲਾਜ਼ਾ ਕੰਪਨੀ ਵਿਚਾਲੇ ਟਕਰਾਅ ਦੀ ਸੰਭਾਵਨਾ ਇਕ ਵਾਰ ਫਿਰ ਵਧ ਗਈ ਹੈ। ਲਗਾਤਾਰ ਵਧ ਰਹੇ ਰੇਟਾਂ ਦੇ ਖਿਲਾਫ ਟੋਲ ਪਲਾਜ਼ਾ ਨੂੰ ਫਰੀ ਬਣਾਉਣ ਲਈ ਲੰਬੇ ਸਮੇਂ ਤੋਂ ਹੜਤਾਲ ‘ਤੇ ਬੈਠੇ ਕਿਸਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਟੋਲ ਪਲਾਜ਼ਾ ਸ਼ੁਰੂ ਕਰਨ ਲਈ ਮਜਬੂਰ ਹੋ ਗਏ ਸੀ। ਪਰ ਇੱਕ ਵਾਰ ਫਿਰ ਤੋਂ ਕਿਸਾਨਾਂ ਵੱਲੋਂ ਟੋਲ ਪਲਾਜ਼ਾ ਨੂੰ ਬੰਦ ਕਰਨ ਦੀ ਗੱਲ ਆਖੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਲਈ ਪੰਜਾਬ ਸਰਕਾਰ ਨੂੰ 18 ਤਰੀਕ ਤੱਕ ਦਾ ਅਲਟੀਮੇਟਮ ਜਾਰੀ ਕੀਤਾ ਹੈ। ਇਹ ਫੈਸਲਾ ਲੁਧਿਆਣਾ ਦੇ ਨੂਰਪੁਰ ਬੇਟ ਵਿਖੇ ਹੋਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ ’ਚ ਲਿਆ ਗਿਆ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਲੋਕਾਂ ਦੀ ਭਲਾਈ ਦੇ ਲਈ ਇਸ ਟੋਲ ਪਲਾਜ਼ੇ ਦੀਆਂ ਕੀਮਤਾਂ ਘੱਟ ਕਰਨਾ ਜਰੂਰੀ ਹੈ ਅਤੇ ਹੋ ਸਕੇ ਤਾਂ ਇਸ ਨੂੰ ਹਟਾਉਣ ਦੇ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ। ਦੱਸ ਦਈਏ ਕਿ ਟੋਲ ਪਲਾਜ਼ਾ ਦੇ ਸ਼ੁਰੂ ਹੋਣ ਮਗਰੋਂ ਹੁਣ ਟੋਲ ਪਲਾਜ਼ਾ ਕੰਪਨੀ ਨੇ ਕਿਸਾਨ ਗਰੁੱਪਾਂ ਵੱਲੋਂ ਬਣਾਏ ਕਿਸਾਨਾਂ ਦੇ ਕਾਰਡਾਂ ਦੀ ਵਰਤੋਂ ਵੀ ਬੰਦ ਕਰ ਦਿੱਤੀ ਹੈ ਅਤੇ ਉਨ੍ਹਾਂ ਤੋਂ ਪੈਸੇ ਵੀ ਵਸੂਲਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਟੋਲ ਪਲਾਜ਼ਾ ਕੰਪਨੀ ਦੇ ਕਰਮਚਾਰੀ ਵੀ ਲੋਕਾਂ ਨਾਲ ਦੁਰਵਿਵਹਾਰ ਕਰਦੇ ਹਨ। ਇਸ ਤੋਂ ਬਾਅਦ ਕਿਸਾਨਾਂ ਨੇ ਐਤਵਾਰ ਨੂੰ ਇੱਕ ਵਾਰ ਫਿਰ ਲਾਡੋਵਾਲ ਟੋਲ ਨੂੰ ਲੈ ਕੇ ਨੂਰਪੁਰ ਬੇਟ ਦੇ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਕੀਤੀ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਬੀਕੇਯੂ ਦੋਆਬਾ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਐਲਾਨ ਕੀਤਾ ਗਿਆ ਕਿ ਜੇਕਰ ਕਿਸਾਨਾਂ ਦੇ ਕਾਰਡ ਨਾ ਵਰਤੇ ਗਏ ਅਤੇ ਕੋਈ ਹੱਲ ਨਾ ਕੱਢਿਆ ਗਿਆ ਤਾਂ 18 ਅਗਸਤ ਨੂੰ ਇੱਕ ਵਾਰ ਫਿਰ ਟੋਲ ਮੁਕਤ ਕੀਤਾ ਜਾਵੇਗਾ। ਜੇਕਰ ਇਸ ਦੌਰਾਨ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਟੋਲ ਪਲਾਜ਼ਾ ਕੰਪਨੀ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।

Leave a Reply

Your email address will not be published. Required fields are marked *