ਕੋਲਕਾਤਾ ਡਾਕਟਰ ਮਾਮਲੇ ‘ਤੇ ਸੁਪਰੀਮ ਕੋਰਟ ਸਖ਼ਤ, ਡਾਕਟਰਾਂ ਦੀ ਸੁਰੱਖਿਆ ਲਈ SC ਨੇ ਬਣਾਈ ਟਾਸਕ ਫੋਰਸ

ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਸਿਖਿਆਰਥੀ ਡਾਕਟਰ ਨਾਲ ਦਰਿੰਦਗੀ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਈ ਹੈ। ਸੁਪਰੀਮ ਕੋਰਟ ਨੇ ਜੂਨੀਅਰ ਡਾਕਟਰ ਦੇ ਮਾਮਲੇ ਅਤੇ ਹਸਪਤਾਲ ਵਿੱਚ ਭੰਨਤੋੜ ਦੇ ਮਾਮਲੇ ਦਾ ਖੁਦ ਨੋਟਿਸ ਲਿਆ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਵਿੱਚ ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਸ਼ਾਮਲ ਸਨ। ਬੈਂਚ ਨੇ ਇਸ ਮਾਮਲੇ ‘ਚ ਪੀੜਤ ਦੀ ਪਛਾਣ ਸਾਹਮਣੇ ਆਉਣ ‘ਤੇ ਚਿੰਤਾ ਪ੍ਰਗਟਾਈ ਹੈ। ਇਸ ਤੋਂ ਇਲਾਵਾ ਪੁਲਿਸ ਜਾਂਚ ਤੋਂ ਲੈ ਕੇ ਆਰਜੀ ਕਾਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੰਦੀਪ ਘੋਸ਼ ਦੀ ਇਸ ਮਾਮਲੇ ਵਿੱਚ ਭੂਮਿਕਾ ਤੱਕ ਹਰ ਚੀਜ਼ ‘ਤੇ ਸਵਾਲ ਉਠਾਏ ਗਏ ਹਨ। ਅਦਾਲਤ ਨੇ ਇਸ ਮਾਮਲੇ ਵਿੱਚ ਅੱਠ ਮੈਂਬਰੀ ਟਾਸਕ ਫੋਰਸ ਬਣਾਉਣ ਦਾ ਫੈਸਲਾ ਕੀਤਾ ਹੈ। ਏਮਜ਼ ਦੇ ਨਿਰਦੇਸ਼ਕ ਡਾਕਟਰ ਐਮ ਸ੍ਰੀਨਿਵਾਸਨ ਤੋਂ ਇਲਾਵਾ ਇਸ ਵਿੱਚ ਕਈ ਹੋਰ ਡਾਕਟਰਾਂ ਦੇ ਨਾਂ ਸ਼ਾਮਲ ਸਨ। ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਕਿਹਾ ਕਿ ਇਹ ਸਿਰਫ਼ ਕਤਲ ਦਾ ਮਾਮਲਾ ਨਹੀਂ ਹੈ। ਅਸੀਂ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ। ਬੈਂਚ ਨੇ ਕਿਹਾ ਕਿ ਮਹਿਲਾਵਾਂ ਨੂੰ ਸੁਰੱਖਿਆ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਬੈਂਚ ਨੇ ਪੁੱਛਿਆ ਕਿ ਅਜਿਹੇ ਹਾਲਾਤ ਵਿੱਚ ਡਾਕਟਰ ਕਿਵੇਂ ਕੰਮ ਕਰਨਗੇ। ਅਸੀਂ ਦੇਖਿਆ ਹੈ ਕਿ ਕਈ ਥਾਵਾਂ ‘ਤੇ ਉਨ੍ਹਾਂ ਲਈ ਆਰਾਮ ਕਰਨ ਲਈ ਕਮਰੇ ਵੀ ਨਹੀਂ ਹਨ। ਸੁਪਰੀਮ ਕੋਰਟ ਨੇ ਕਿਹਾ, “ਜੇਕਰ ਮਹਿਲਾਵਾਂ ਕੰਮ ‘ਤੇ ਜਾਣ ਦੇ ਯੋਗ ਨਹੀਂ ਹਨ ਅਤੇ ਕੰਮ ਕਰਨ ਦੀਆਂ ਸਥਿਤੀਆਂ ਸੁਰੱਖਿਅਤ ਨਹੀਂ ਹਨ ਤਾਂ ਅਸੀਂ ਉਨ੍ਹਾਂ ਨੂੰ ਬਰਾਬਰੀ ਤੋਂ ਇਨਕਾਰ ਕਰ ਰਹੇ ਹਾਂ। ਜ਼ਿਆਦਾਤਰ ਨੌਜਵਾਨ ਡਾਕਟਰ 36 ਘੰਟੇ ਕੰਮ ਕਰਦੇ ਹਨ। ਸਾਨੂੰ ਕੰਮ ਕਰਨ ਲਈ ਸੁਰੱਖਿਅਤ ਸਥਿਤੀਆਂ ਨੂੰ ਯਕੀਨੀ ਬਣਾਉਣ ਲਈ ਇੱਕ ਰਾਸ਼ਟਰੀ ਪ੍ਰੋਟੋਕੋਲ ਬਣਾਉਣ ਦੀ ਜ਼ਰੂਰਤ ਹੈ।” ਸੁਪਰੀਮ ਕੋਰਟ ਨੇ ਪੀੜਤਾ ਦੀ ਪਛਾਣ ਜ਼ਾਹਰ ਕਰਨ ‘ਤੇ ਵੀ ਨਾਰਾਜ਼ਗੀ ਜਤਾਈ। ਅਦਾਲਤ ਨੇ ਕਿਹਾ ਕਿ ਇਹ ਘਟਨਾ ਦੁਖਦ ਹੈ। ਸੁਪਰੀਮ ਕੋਰਟ ਨੇ ਐਲਾਨ ਕੀਤਾ ਕਿ ਇਸ ਘਟਨਾ ਤੋਂ ਬਾਅਦ ਉਹ ਡਾਕਟਰਾਂ ਦੀ ਹਾਲਤ ਬਾਰੇ ਨੈਸ਼ਨਲ ਟਾਸਕ ਫੋਰਸ ਬਣਾਉਣ ਜਾ ਰਹੀ ਹੈ। ਇਹ ਟਾਸਕ ਫੋਰਸ ਅਦਾਲਤ ਦੀ ਨਿਗਰਾਨੀ ਹੇਠ ਕੰਮ ਕਰੇਗੀ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ CBI ਤੋਂ 22 ਅਗਸਤ ਤੱਕ ਸਟੇਟਸ ਰਿਪੋਰਟ ਵੀ ਮੰਗੀ ਹੈ। ਇਸ ਤੋਂ ਇਲਾਵਾ CBI ਨੂੰ ਤਿੰਨ ਮਹੀਨਿਆਂ ਵਿੱਚ ਜਾਂਚ ਮੁਕੰਮਲ ਕਰਕੇ ਰਿਪੋਰਟ ਸੌਂਪਣ ਦੇ ਵੀ ਹੁਕਮ ਦਿੱਤੇ ਗਏ ਹਨ। ਅਦਾਲਤ ਨੇ ਟਾਸਕ ਫੋਰਸ ਤੋਂ ਤਿੰਨ ਹਫ਼ਤਿਆਂ ਵਿੱਚ ਰਿਪੋਰਟ ਮੰਗੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ ਪੁਲਿਸ ਦੀ ਕਾਰਵਾਈ ਅਤੇ ਪੀੜਤ ਪਰਿਵਾਰ ਨੂੰ ਹਨੇਰੇ ‘ਚ ਰੱਖਣ ਦੇ ਦੋਸ਼ਾਂ ‘ਤੇ ਵੀ ਸਵਾਲ ਚੁੱਕੇ ਹਨ। ਅਦਾਲਤ ਨੇ ਕਿਹਾ ਕਿ ਇਹ ਅਪਰਾਧ ਦਾ ਮਾਮਲਾ ਨਹੀਂ ਹੈ। ਇਸ ਮਾਮਲੇ ਵਿੱਚ FIR ਦਰਜ ਕਰਨ ਵਿੱਚ ਵੀ ਦੇਰੀ ਹੋਈ। FIR ਦਰਜ ਕਰਵਾਉਣ ਦੀ ਜ਼ਿੰਮੇਵਾਰੀ ਹਸਪਤਾਲ ਦੀ ਸੀ। ਪਰ ਦੇਰ ਰਾਤ FIR ਦਰਜ ਕਾਰਵਾਈ ਗਈ। ਇਸ ਮਾਮਲੇ ਵਿੱਚ ਹਸਪਤਾਲ ਪ੍ਰਬੰਧਨ ਕੀ ਕਰ ਰਿਹਾ ਸੀ? ਮ੍ਰਿਤਕਾ ਦੀ ਲਾਸ਼ ਵੀ ਕਾਫੀ ਦੇਰ ਬਾਅਦ ਵਾਰਸਾਂ ਹਵਾਲੇ ਕੀਤੀ ਗਈ। ਅਦਾਲਤ ਨੇ ਆਰਜੀ ਕਾਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੰਦੀਪ ਘੋਸ਼ ਬਾਰੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ। ਅਦਾਲਤ ਨੇ ਕਿਹਾ ਕਿ ਇਹ ਬਹੁਤ ਡਰਾਉਣੀ ਘਟਨਾ ਹੈ। ਪ੍ਰਿੰਸੀਪਲ ਨੇ ਸਭ ਤੋਂ ਪਹਿਲਾਂ ਮਾਮਲੇ ਨੂੰ ਖੁਦਕੁਸ਼ੀ ਕਹਿਣ ਦੀ ਕੋਸ਼ਿਸ਼ ਕੀਤੀ। ਆਖਿਰ ਪ੍ਰਿੰਸੀਪਲ ਕੀ ਕਰ ਰਿਹਾ ਸੀ? ਸੁਪਰੀਮ ਕੋਰਟ ਨੇ ਪੁੱਛਿਆ ਕਿ ਇਸ ਮਾਮਲੇ ਤੋਂ ਬਾਅਦ ਪ੍ਰਿੰਸੀਪਲ ਨੂੰ ਕਿਸੇ ਹੋਰ ਥਾਂ ‘ਤੇ ਕਿਵੇਂ ਨਿਯੁਕਤ ਕੀਤਾ ਗਿਆ? ਦੱਸ ਦੇਈਏ ਕਿ ਆਰਜੀ ਕਾਰ ਮੈਡੀਕਲ ਕਾਲਜ ਦੇ ਸੈਮੀਨਾਰ ਹਾਲ ਵਿੱਚ 9 ਅਗਸਤ ਦੀ ਰਾਤ ਨੂੰ ਇੱਕ ਸਿਖਿਆਰਥੀ ਮਹਿਲਾ ਡਾਕਟਰ ਦਰਿੰਦਗੀ ਕੀਤੀ ਗਈ ਸੀ। ਅਗਲੇ ਦਿਨ ਸਵੇਰੇ ਉਸ ਦੀ ਲਾਸ਼ ਮਿਲੀ, ਜਿਸ ਤੋਂ ਬਾਅਦ ਡਾਕਟਰਾਂ ਵਿੱਚ ਰੋਸ ਹੈ। ਕਲਕੱਤਾ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਬੰਗਾਲ ਪੁਲਿਸ ਤੋਂ ਕੇਂਦਰੀ ਜਾਂਚ ਬਿਊਰੋ (CBI) ਨੂੰ ਸੌਂਪ ਦਿੱਤੀ ਹੈ। ਸੁਪਰੀਮ ਕੋਰਟ ਨੇ ਇਸ ਤੱਥ ਦਾ ਖੁਦ ਨੋਟਿਸ ਲਿਆ ਹੈ ਕਿ ਕਲਕੱਤਾ ਹਾਈ ਕੋਰਟ ਪਹਿਲਾਂ ਹੀ ਇਸ ਕੇਸ ਵਿੱਚ ਸ਼ਾਮਲ ਸੀ। ਕੋਲਕਾਤਾ ‘ਚ ਪੁਲਿਸ ਨੇ ਪੀੜਤਾ ਦੀ ਪਛਾਣ ਦਾ ਖੁਲਾਸਾ ਕਰਨ ਲਈ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਥਾਣਾ ਤਾਲਤਾਲਾ ‘ਚ ਦਰਜ ਕਰਵਾਈ ਸ਼ਿਕਾਇਤ ‘ਚ ਕਿਹਾ ਗਿਆ ਸੀ ਕਿ ਮ੍ਰਿਤਕ ਮਹਿਲਾ ਡਾਕਟਰ ਨਾਲ ਸਬੰਧਤ ਤਿੰਨ ਸਟੋਰੀਆਂ ਇੰਸਟਾਗ੍ਰਾਮ ‘ਤੇ ਇਕ ਅਕਾਊਂਟ ‘ਤੇ ਸ਼ੇਅਰ ਕੀਤੀਆਂ ਗਈਆਂ ਹਨ ਅਤੇ ਇਸ ਵਿਚ ਪੀੜਤ ਦੀ ਫੋਟੋ ਅਤੇ ਪਛਾਣ ਦਾ ਖੁਲਾਸਾ ਕੀਤਾ ਗਿਆ ਹੈ। ਪੁਲਿਸ ਨੇ ਗ੍ਰਿਫਤਾਰ ਵਿਅਕਤੀ ਦੀ ਪਛਾਣ ਨਹੀਂ ਦੱਸੀ ਹੈ।

Leave a Reply

Your email address will not be published. Required fields are marked *