ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇੱਕ ਹੋਰ ਅਹਿਮ ਜ਼ਿੰਮੇਵਾਰੀ ਮਿਲਣ ਜਾ ਰਹੀ ਹੈ। ਰਵਨੀਤ ਬਿੱਟੂ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਹੋਣਗੇ। ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ਵਿੱਚ ਭੇਜਣ ਦੀਆਂ ਤਿਆਰੀਆਂ ਵੀ ਤੇਜ਼ ਹੋ ਗਈਆਂ ਹਨ। ਦੱਸ ਦੇਈਏ ਕਿ ਲੁਧਿਆਣਾ ਤੋਂ 2 ਵਾਰ ਸਾਂਸਦ ਰਹਿ ਚੁੱਕੇ ਰਵਨੀਤ ਬਿੱਟੂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਟਿਕਟ ਦਿੱਤੀ ਸੀ ਪਰ ਉਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਜਪਾ ਨੇ ਮੋਦੀ 3.0 ਵਿੱਚ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਹੈ।