ਪੰਜਾਬ ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਪਾਰਟੀ ਨੇ ਰਾਜ ਸਭਾ ਭੇਜਣ ਦਾ ਫੈਸਲਾ ਕੀਤਾ ਹੈ। ਭਾਜਪਾ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਭੇਜ ਰਹੀ ਹੈ। ਮੰਗਲਵਾਰ ਨੂੰ ਭਾਜਪਾ ਹਾਈਕਮਾਂਡ ਦੀ ਮੀਟਿੰਗ ਵਿੱਚ ਬਿੱਟੂ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ। ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਹੈ। ਇਸ ਲਈ ਬਿੱਟੂ ਅੱਜ ਹੀ ਨਾਮਜ਼ਦਗੀ ਦਾਖ਼ਲ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਦੇ ਹਰਿਆਣਾ ਤੋਂ ਚੋਣ ਲੜਨ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ ਪਰ ਉਥੋਂ ਭਾਜਪਾ ਨੇ ਕਾਂਗਰਸ ਛੱਡ ਕੇ ਆਈ ਕਿਰਨ ਚੌਧਰੀ ਨੂੰ ਆਪਣਾ ਰਾਜ ਸਭਾ ਉਮੀਦਵਾਰ ਬਣਾਇਆ ਹੈ। ਭਾਜਪਾ ਵੱਲੋਂ ਰਾਜਸਥਾਨ ਤੋਂ ਰਾਜ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬਿੱਟੂ ਨੇ ਕਿਹਾ, ‘ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅਤੇ ਭਾਜਪਾ ਦੀ ਸਤਿਕਾਰਤ ਲੀਡਰਸ਼ਿਪ ਦਾ ਮੈਨੂੰ ਚੁਣੇ ਜਾਣ ਲਈ ਬਹੁਤ ਧੰਨਵਾਦੀ ਹਾਂ। ਰਾਜਸਥਾਨ ਤੋਂ ਰਾਜ ਸਭਾ ਨੇ ਮੈਨੂੰ ਨਾਮਜ਼ਦ ਕਰਕੇ ਮੇਰੇ ‘ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਨੇ ਕਿਹਾ ਮੈਂ ਆਪਣੇ ਮਹਾਨ ਦੇਸ਼ ਅਤੇ ਪਾਰਟੀ ਨੂੰ ਮਾਣ ਦਿਵਾਉਣ ਲਈ ਅਣਥੱਕ ਮਿਹਨਤ ਕਰਨ ਦਾ ਵਾਅਦਾ ਕਰਦਾ ਹਾਂ। ਤੁਹਾਡੇ ਸਮਰਥਨ ਨਾਲ ਮੈਂ ਸਾਡੇ ਸੰਵਿਧਾਨ ਦੇ ਮੁੱਲਾਂ ਅਤੇ ਸਿਧਾਂਤਾਂ ਨੂੰ ਬਰਕਰਾਰ ਰੱਖਣ ਅਤੇ ਸਾਡੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਾਂਗਾ। ਰਵਨੀਤ ਬਿੱਟੂ ਦਾ ਸਿਆਸੀ ਕਰੀਅਰ 2008 ਵਿੱਚ ਯੂਥ ਕਾਂਗਰਸ ਨਾਲ ਸ਼ੁਰੂ ਹੋਇਆ ਸੀ। 2008 ਵਿੱਚ ਉਹ ਪੰਜਾਬ ਯੂਥ ਕਾਂਗਰਸ ਦੇ ਪਹਿਲੇ ਚੁਣੇ ਗਏ ਪ੍ਰਧਾਨ ਬਣੇ। 2009 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਅਤੇ ਉਨ੍ਹਾਂ ਦੇ ਦਾਦਾ ਬੇਅੰਤ ਸਿੰਘ ਅਤੇ ਪਿਤਾ ਸਵਰਨਜੀਤ ਸਿੰਘ ਵੱਲੋਂ ਕੀਤੇ ਕੰਮਾਂ ਸਦਕਾ ਉਹ ਆਸਾਨੀ ਨਾਲ ਚੋਣ ਜਿੱਤ ਗਏ। ਪਾਰਟੀ ਨੇ ਪਹਿਲੀ ਵਾਰ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਹਿ ਮਾਮਲਿਆਂ ਦੀ ਕਮੇਟੀ ਦਾ ਮੈਂਬਰ ਵੀ ਬਣਾਇਆ ਸੀ। 2014 ਵਿੱਚ ਕਾਂਗਰਸ ਨੇ ਬਿੱਟੂ ਦੀ ਸੀਟ ਬਦਲ ਕੇ ਲੁਧਿਆਣਾ ਵਿੱਚ ਤਬਦੀਲ ਕਰ ਦਿੱਤੀ। ਇਸ ਤੋਂ ਬਾਅਦ ਉਹ 2014 ਅਤੇ 2019 ਵਿੱਚ ਇਸੇ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ।