ਨਾਭਾ ਜੇਲ ਬ੍ਰੇਕ ਕੇਸ ਦਾ ਮਾਸਟਰ ਮਾਇੰਡ ਰਮਨਜੀਤ ਸਿੰਘ ਰੋਮੀ, ਜਿਸ ਨੂੰ ਭਾਰਤ ਸਰਕਾਰ ਦੀ ਅਪੀਲ ‘ਤੇ ਹਾਂਗਕਿੰਗ ਤੋਂ ਪੰਜਾਬ ਪੁਲਿਸ ਦੇਸ਼ ਲੈ ਕੇ ਆਈ ਪੰਜਾਬ ਪੁਲਿਸ ਜਿਸਦੀ ਅਗਵਾਈ ਐਸਪੀ ਹਰਵਿੰਦਰ ਸਿੰਘ ਵਿਰਕ ਕਰ ਰਹੇ ਸਨ ਜਿਸ ਵਿੱਚ ਡੀਐਸਪੀ ਦਵਿੰਦਰ ਅੱਤਰੀ, ਡੀਐਸਪੀ ਵਿਕਰਮ ਬਰਾੜ ਤੋਂ ਇਲਾਵਾ ਕਈ ਐਸਐਚਓ ਟੀਮ ਵਿੱਚ ਸ਼ਾਮਿਲ ਸਨ। ਪੰਜਾਬ ਪੁਲਿਸ ਵੱਲੋਂ ਰਮਨਜੀਤ ਰੋਮੀ ਨੂੰ ਅਦਾਲਤ ਨਾਭਾ ਵਿਖੇ ਸ਼ੁਕਰਵਾਰ ਸਵੇਰੇ ਤੜਕਸਾਰ 3 ਵਜੇ ਪੇਸ਼ ਕੀਤਾ ਗਿਆ, ਜਿੱਥੇ 20 ਮਿੰਟ ਬਹਿਸ ਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ ਰਮਨਜੀਤ ਰੋਮੀ ਨੂੰ ਨਾਭਾ ਦੀ ਨਵੀਂ ਜ਼ਿਲਾ ਜੇਲ ਵਿੱਚ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਰਮਨਜੀਤ ਰੋਮੀ ਜੋ ਕਿ 2018 ਦਾ ਹਾਂਗਕਾਂਗ ਤੋਂ ਜੇਲ ਵਿੱਚ ਬੰਦ ਸੀ। ਹੁਣ ਅਦਾਲਤ ਦੇ ਅਗਲੇ ਆਦੇਸ਼ਾਂ ਤੱਕ ਨਾਭਾ ਦੀ ਨਵੀਂ ਜ਼ਿਲਾ ਜੇਲ ਵਿੱਚ ਰਹੇਗਾ ਪੰਜਾਬ ਪੁਲਿਸ ਵੀਰਵਾਰ ਸ਼ਾਮ 5 ਵਜੇ ਦਿੱਲੀ ਏਅਰਪੋਰਟ ‘ਤੇ ਲੈਂਡ ਕਰਨ ਤੋਂ ਬਾਅਦ ਰਾਤ 9 ਵਜੇ ਤੋਂ ਬਾਅਦ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋਈ ਅਤੇ ਸਾਰੀ ਰਾਤ ਸਫਰ ਤੋਂ ਬਾਅਦ ਸਵੇਰੇ 3 ਵਜੇ ਨਾਭਾ ਪਹੁੰਚੀ। ਜਿੱਥੇ ਭਾਰੀ ਪੁਲਿਸ ਫੋਰਸ ਦੀ ਸੁਰੱਖਿਆ ਅਧੀਨ ਰਮਨਜੀਤ ਰੋਮੀ ਨੂੰ ਪਹਿਲਾਂ ਅਦਾਲਤ ਵਿੱਚ ਪੇਸ਼ ਕਰਕੇ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਉਸ ਤੋਂ ਬਾਅਦ ਸਿਵਲ ਹਸਪਤਾਲ ਨਾਭਾ ਵਿਖੇ ਰੋਮੀ ਦਾ ਮੈਡੀਕਲ ਵੀ ਕਰਵਾਇਆ ਗਿਆ। ਅਦਾਲਤ ਦੇ ਆਦੇਸ਼ਾਂ ਤੇ ਪੁਲਿਸ ਵੱਲੋਂ ਸਵੇਰੇ 4 ਵਜੇ ਰਮਨਜੀਤ ਰੋਮੀ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਵਿੱਚ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਨਾਭਾ ਜੇਲ ਬਰੇਕ ਕੇਸ ਵਿੱਚ ਮੈਕਸੀਮਮ ਸਿਕਿਉਰਟੀ ਜੇਲ ਨੂੰ ਹੁਣ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ ਜਿਸ ਕਰਕੇ ਮੈਕਸੀਮਮ ਸਿਕਿਊਰਟੀ ਜੇਲ ਫਿਲਹਾਲ ਬੰਦ ਹੈ ਅਤੇ ਹੁਣ ਕੈਦੀ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਭੇਜੇ ਜਾ ਰਹੇ ਹਨ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਰਤ ਸਰਕਾਰ ਵੱਲੋਂ ਹਾਂਗਕਾਂਗ ਅਦਾਲਤ ਵਿੱਚ ਇੱਕ ਐਫੀਡੇਵਿਟ ਪੇਸ਼ ਕਰਕੇ ਇਹ ਕਿਹਾ ਗਿਆ ਸੀ ਕਿ ਰਮਨਜੀਤ ਰੋਮੀ ਦਾ ਪੰਜਾਬ ਪੁਲਿਸ ਰਿਮਾਂਡ ਨਹੀਂ ਲਵੇਗੀ, ਜਿਸ ਕਰਕੇ ਰਮਨਜੀਤ ਰੋਮੀ ਨੂੰ ਫਿਲਹਾਲ ਨਿਆਇਕ ਹਿਰਾਸਤ ਦੇ ਵਿੱਚ ਜੇਲ ਭੇਜਿਆ ਗਿਆ ਹੈ। ਹੁਣ ਵੇਖਣਾ ਹੋਵੇਗਾ ਕਿ ਨਾਭਾ ਦੀ ਜੇਲ ਬ੍ਰੇਕ ਲਈ ਲੋੜੀਦਾ ਰਮਨਜੀਤ ਰੋਮੀ ਤੋ ਪੁੱਛਗਿਛ ਲਈ ਪੁਲਿਸ ਕਿਸ ਤਰ੍ਹਾਂ ਜੇਲ ਵਿੱਚੋਂ ਰਿਮਾਂਡ ਪ੍ਰਾਪਤ ਕਰਨ ਵਿੱਚ ਸਫਲਤਾ ਹਾਸਿਲ ਕਰੇਗੀ ਜਿਸ ਤੋਂ ਬਾਅਦ ਹੋਰ ਖੁਲਾਸੇ ਹੋ ਸਕਦੇ ਹਨ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰਮਨਜੀਤ ਰੋਮੀ ਨੂੰ ਮੈਕਸੀਮਮ ਸਿਕਿਉਰਟੀ ਜੇਲ ਦੇ ਬਾਹਰ ਤੋਂ 3 ਜੂਨ 2016 ਨੂੰ ਚਾਰ ਸਾਥੀਆਂ ਸਮੇਤ ਹੋਂਡਾ ਸਿਟੀ ਕਾਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਕੋਲੋਂ ਕੁਝ ਹਥਿਆਰ, ਜਾਲੀ ਕਰੈਡਿਟ ਕਾਰਡ ਵੀ ਬਰਾਮਦ ਕੀਤੇ ਗਏ ਸਨ। ਇਸ ਮਾਮਲੇ ਵਿੱਚ ਥਾਣਾ ਕਤਵਾਲੀ ਪੁਲਿਸ ਵੱਲੋਂ ਐਫਆਈਆਰ ਨੰਬਰ 60, 3 ਜੂਨ 2016 ਧਾਰਾ 379, 382 ,472, 475, 120ਬੀ ਆਈਪੀਸੀ ਅਤੇ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਰੋਮੀ ਅਦਾਲਤ ਤੋਂ ਜਮਾਨਤ ਮਿਲਣ ਤੋਂ ਬਾਅਦ ਹਾਂਗਕਾਂਗ ਫਰਾਰ ਹੋ ਗਿਆ ਸੀ ਜਿੱਥੇ ਬੈਠ ਨਾਭਾ ਜੇਲ ਬਰੇਕ ਮਾਮਲੇ ਨੂੰ ਅੰਜਾਮ ਦਿੱਤਾ ਗਿਆ। ਰਮਨਜੀਤ ਰੋਮੀ ਬਠਿੰਡਾ ਦੇ ਬੰਗੀ ਕਲਾ ਪਿੰਡ ਦਾ ਰਹਿਣ ਵਾਲਾ ਹੈ। ਇਸ ਮਾਮਲੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟੀਮ ਦੀ ਅਗਵਾਈ ਕਰ ਰਹੇ ਐਸਪੀ ਹਰਵਿੰਦਰ ਵਿਰਕ ਨੇ ਦੱਸਿਆ ਕਿ ਰਮਨਜੀਤ ਰੋਮੀ ਜੋ ਕਿ ਮੈਕਸੀਮਮ ਸਿਕਿਉਰਟੀ ਜੇਲ ਬਰੇਕ ਕਾਂਡ ਦਾ ਮਾਸਟਰਮਾਇੰਡ ਹੈ ਉਸ ਨੂੰ ਅੱਜ ਨਾਭਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਫਿਲਹਾਲ ਰੋਮੀ ਨੂੰ ਨਵੀਂ ਜਿਲ੍ਾ ਜੇਲ ਨਾਭਾ ਵਿਖੇ ਭੇਜ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਉਨਾਂ ਇਸ ਅਪਰੇਸ਼ਨ ਵਿੱਚ ਸ਼ਾਮਿਲ ਪੂਰੀ ਟੀਮ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਵਿੱਚ ਪੂਰੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਹੈ। ਨਾਭਾ ਜੇਲ ਤੋਂ ਫਰਾਰ ਅੱਤਵਾਦੀ ਕਸ਼ਮੀਰਾ ਸਿੰਘ ਗਲਵੱਡੀ ਸਬੰਧੀ ਪੁੱਛੇ ਗਏ ਸਵਾਲ ਤੇ ਉਨਾਂ ਕਿਹਾ ਕਿ ਇਸ ਸਬੰਧੀ ਪੁਲਿਸ ਵੱਲੋਂ ਬਾਅਦ ਵਿੱਚ ਪੂਰੀ ਜਾਂਚ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਰਮਨਜੀਤ ਰੋਮੀ ਦੇ ਵਕੀਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੋ ਦੇਸ਼ਾਂ ਵਿਚਕਾਰ ਕੀਤੇ ਗਏ ਫੈਸਲੇ ਅਤੇ ਭਾਰਤ ਸਰਕਾਰ ਵੱਲੋਂ ਹਾਂਗਕਾਂਗ ਅਦਾਲਤ ਵਿੱਚ ਇੱਕ ਐਫੀਡੇਵਿਟ ਪੇਸ਼ ਕੀਤਾ ਗਿਆ ਸੀ ਕਿ ਰਮਨਜੀਤ ਰੋਮੀ ਦਾ ਐਫ ਆਈਆਰ ਨੰਬਰ 60 ਅਤੇ 142 ਨੰਬਰ ਵਿੱਚ ਰਿਮਾਂਡ ਪ੍ਰਾਪਤ ਨਹੀਂ ਕੀਤਾ ਜਾਵੇਗਾ ਜਿਸ ਦੇ ਆਧਾਰ ਤੇ ਮਾਨਯੋਗ ਅਦਾਲਤ ਨਾਭਾ ਵੱਲੋਂ ਰਮਨਜੀਤ ਰੋਮੀ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬ ਪੁਲਿਸ ਜੇਲ ਤੋਂ ਰਿਮਾਂਡ ਲੈਣ ਦੀ ਕੋਸ਼ਿਸ਼ ਕਰਨ ਸਬੰਧੀ ਕੀਤੇ ਗਏ ਸਵਾਲ ਤੇ ਉਨਾਂ ਕਿਹਾ ਕਿ ਜੇਕਰ ਪੰਜਾਬ ਪੁਲਿਸ ਅਜਿਹਾ ਕਰਦੀ ਹੈ ਤਾਂ ਉਹ ਇਸਦਾ ਪੂਰਾ ਵਿਰੋਧ ਕਰਨਗੇ ਕਿਉਂਕਿ ਭਾਰਤ ਸਰਕਾਰ ਨੇ ਹਾਂਗਕਾਂਗ ਅਦਾਲਤ ਵਿੱਚ ਐਫੀ ਡੈਵਿਡ ਦੇ ਕੇ ਰਿਮਾਂਡ ਨਾ ਲੈਣ ਦੀ ਗੱਲ ਕਹੀ ਸੀ।