ਹਿੰਦੂ ਜਥੇਬੰਦੀਆਂ ਨੇ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਖੰਨਾ ਦੇ ਸ਼ਿਵਪੁਰੀ ਮੰਦਰ ‘ਚ ਹੋਈ ਚੋਰੀ ਦੇ ਮਾਮਲੇ ਨੂੰ ਕੁਝ ਸਮੇਂ ’ਚ ਹੱਲ ਕਰਨ ਤੋਂ ਬਾਅਦ ਅੱਜ ਹਿੰਦੂ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਤੋਂ ਬਾਅਦ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਨੇ ਇਸ ਮਾਮਲੇ ਨੂੰ ਰਿਕਾਰਡ ਤੋੜ ਸਮੇਂ ਵਿਚ ਸੁਲਝਾਇਆ ਹੈ। ਹਿੰਦੂ ਆਗੂਆਂ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਖੰਨਾ ਦੇ ਮੰਦਰ ਵਿਚ ਚੋਰੀ ਕਰਨ ਵਾਲੇ ਮੁਲਜ਼ਮਾਂ ਨੂੰ ਪੰਜਾਬ ਪੁਲਿਸ ਨੇ ਕੁੱਝ ਹੀ ਸਮੇਂ ਵਿਚ ਦੂਜੇ ਸੂਬੇ ਵਿਚ ਜਾ ਕੇ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ ਹਿੰਦੂਆਂ ਵਿਚ ਉਤਸ਼ਾਹ ਵਧਿਆ ਹੈ ਅਤੇ ਲੋਕਾਂ ਨੂੰ ਭਰੋਸਾ ਹੋ ਗਿਆ ਹੈ ਕਿ ਪੰਜਾਬ ਵਿਚ ਸਾਡੇ ਮੰਦਰ, ਗੁਰਦੁਆਰੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਖੰਨਾ ਦੇ ਮੰਦਰ ਵਿਚ ਚੋਰੀ ਹੋਣ ਦੀ ਘਟਨਾ ਤੋਂ ਬਾਅਦ ਮੁੱਖ ਮੰਤਰੀ ਨੇ ਤੁਰੰਤ ਐਕਸ਼ਨ ਲਿਆ ਅਤੇ ਪੁਲਿਸ ਨੂੰ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ। ਇਸ ਨੂੰ ਦੇਖ ਕੇ ਤਸੱਲੀ ਹੋਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੀ ਸੁਰੱਖਿਆ ਵਿਵਸਥਾ ਲਈ ਵੀ ਵੀ ਮੁੱਖ ਮੰਤਰੀ ਨਾਲ ਚਰਚਾ ਹੋਈ ਹੈ, ਇਹ ਮੁਲਾਕਾਤ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਹੋਈ ਹੈ। ਮੁੱਖ ਮੰਤਰੀ ਸਿਰਫ ਮੰਚਾਂ ‘ਤੇ ਹੀ ਨਹੀਂ ਬੋਲਦੇ, ਅੱਜ ਉਨ੍ਹਾਂ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ‘ਤੇ ਯਕੀਨ ਹੋਰ ਕਾਇਮ ਹੋਇਆ ਹੈ। ਦੱਸ ਦੇਈਏ ਕਿ ਬੀਤੀ 15 ਅਗਸਤ ਨੂੰ ਖੰਨਾ ਦੇ ਸ਼ਿਵਪੁਰੀ ਮੰਦਰ ’ਚ ਹੋਈ ਚੋਰੀ ਤੇ ਬੇਅਦਬੀ ਦੀ ਘਟਨਾ ਨੂੰ 5 ਦਿਨਾਂ ’ਚ ਹੀ ਹੱਲ ਕਰਦਿਆਂ ਖੰਨਾ ਪੁਲਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ। ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਖੰਨਾ ਪੁਲਸ ਨੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਸ਼ਿਵ ਮੰਦਰ ’ਚ ਚੋਰੀ ਮਾਮਲੇ ਨੂੰ ਹੱਲ ਕਰ ਲਿਆ ਹੈ। ਮਾਮਲੇ ’ਚ ਗ੍ਰਿਫਤਾਰ ਕੀਤੇ ਗੈਂਗ ਦੇ ਮੈਂਬਰ ਤਾਮਿਲਨਾਡੂ ਤੇ ਤੇਲੰਗਾਨਾ ਦੇ ਮੰਦਰਾਂ ਵਿਚ ਲੁੱਟਾਂ-ਖੋਹਾਂ ਕਰਨ ਦੀ ਯੋਜਨਾ ਬਣਾ ਰਹੇ ਸਨ। ਇਹ ਆਪ੍ਰੇਸ਼ਨ ਚੰਡੀਗੜ੍ਹ ਪੁਲਸ, ਬਟਾਲਾ ਪੁਲਸ, ਊਧਮ ਸਿੰਘ ਨਗਰ ਪੁਲਸ, ਉਤਰਾਖੰਡ ਤੇ ਲਖਨਊ ਪੁਲਿਸ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰੇਸ਼ਮ ਸਿੰਘ ਉਰਫ਼ ਰਿੰਕੂ ਵਾਸੀ ਸਿੰਧੀ ਝਾਲਾ ਜ਼ਿਲਾ ਊਧਮ ਸਿੰਘ ਨਗਰ ਉਤਰਾਖੰਡ, ਰਵੀ ਕੁਮਾਰ ਵਾਸੀ ਮਹਿੰਦਪੁਰ ਰੋਪੜ, ਹਨੀ ਵਾਸੀ ਮਹਿੰਦਪੁਰ ਰੋਪੜ ਅਤੇ ਰਾਜੀਵ ਕੁਮਾਰ ਉਰਫ ਸੋਨੀ ਵਾਸੀ ਕੁਮਾਰਪੁਰਮ ਲਖਨਊ ਉੱਤਰ ਪ੍ਰਦੇਸ਼ ਵਜੋਂ ਹੋਈ ਹੈ।

Leave a Reply

Your email address will not be published. Required fields are marked *