ਸ੍ਰੀ ਮੁਕਤਸਰ-ਬਠਿੰਡਾ ਰੋਡ ’ਤੇ ਪਿੰਡ ਭੁੱਲਰ ਨੇੜੇ ਇਕ ਨਿੱਜੀ ਸਕੂਲ ਦੀ ਵੈਨ ਗੰਦੇ ਨਾਲ਼ੇ ’ਚ ਪਲਟ ਗਈ। ਵੈਨ ’ਚ ਸਵਾਰ ਬੱਚਿਆਂ ਨੂੰ ਨੇੜੇ ਮੌਜੂਦ ਲੋਕਾਂ ਵੱਲੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਸਕੂਲ ਦੀ ਵੈਨ ਬੁੱਧਵਾਰ ਸਵੇਰੇ ਬੱਚੇ ਲੈ ਕੇ ਆ ਰਹੀ ਸੀ। ਜਦ ਪਿੰਡ ਭੁੱਲਰ ਨੇੜੇ ਬਠਿੰਡਾ ਰੋਡ ’ਤੇ ਢਾਣੀਆਂ ’ਚੋਂ ਬੱਚੇ ਲੈ ਕੇ ਕੱਚੇ ਰਸਤੇ ਆ ਰਹੀ ਸੀ ਤਾਂ ਵੈਨ ਦਾ ਸੰਤੁਲਨ ਵਿਗੜਣ ਕਾਰਨ ਗਿਆ। ਜਿਸ ਨਾਲ ਵੈਨ ਇਕ ਗੰਦੇ ਨਾਲੇ ’ਚ ਪਲਟ ਗਈ। ਇਸ ਦੌਰਾਨ ਕੁਝ ਬੱਚੇ ਵੀ ਪਾਣੀ ’ਚ ਡਿੱਗ ਗਏ। ਬੱਸ ਪਲਟਦਿਆਂ ਦੀ ਬੱਚਿਆਂ ਨੇ ਰੌਲ਼ਾ ਪਾਉਣਾ ਸ਼ੁਰੂ ਕਰ ਦਿਤਾ। ਬੱਚਿਆਂ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਫੁਰਤੀ ਨਾਲ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਲੋਕਾ ਅਨੁਸਾਰ ਵੈਨ ਦੀ ਸਪੀਡ ਜ਼ਿਆਦਾ ਹੋਣ ਤੇ ਰਸਤਾ ਤੰਗ ਹੋਣ ਕਾਰਨ ਹਾਦਸਾ ਵਾਪਰਿਆ ਹੈ। ਬੱਚੇ ਇਸ ਹਾਦਸੇ ਕਾਰਨ ਸਹਿਮੇ ਹੋਏ ਤੇ ਰੋ ਰਹੇ ਸਨ ਜਿਨ੍ਹਾਂ ਨੂੰ ਲੋਕਾਂ ਵੱਲੋਂ ਹੌਸਲਾ ਦਿੰਦਿਆਂ ਚੁੱਪ ਕਰਾਇਆ ਜਾ ਰਿਹਾ ਸੀ।