ਲੁਧਿਆਣਾ ‘ਚ ਬਰਸਾਤੀ ਪਾਣੀ ‘ਚ ਫਸੀ ਵਿਦਿਆਰਥੀਆਂ ਨਾਲ ਭਰੀ ਬੱਸ, ਮੌਕੇ ‘ਤੇ ਮਚਿਆ ਚੀਕ-ਚਿਹਾੜਾ

ਲੁਧਿਆਣਾ ‘ਚ ਸਵੇਰ ਤੋਂ ਹੀ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਸ਼ਹਿਰ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ। ਜਿਸ ਕਾਰਨ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਇੱਕ ਬੱਸ ਕੱਚੀ ਸੜਕ ‘ਤੇ ਬਰਸਾਤੀ ਪਾਣੀ ਵਿੱਚ ਫਸ ਗਈ। ਖੁਸ਼ਕਿਸਮਤੀ ਰਹੀ ਕਿ ਕੋਈ ਬੱਚਾ ਜ਼ਖਮੀ ਨਹੀਂ ਹੋਇਆ। ਬੱਸ ਵਿੱਚ ਕਰੀਬ 25 ਬੱਚੇ ਸਵਾਰ ਸਨ। ਮਾਪਿਆਂ ਨੇ ਬੱਸ ਡ੍ਰਾਈਵਰ ’ਤੇ ਲਾਪਰਵਾਹੀ ਦਾ ਦੋਸ਼ ਲਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਕਰੀਬ 8 ਵਜੇ ਲੁਧਿਆਣਾ ਦੇ ਚੰਡੀਗੜ੍ਹ ਰੋਡ ‘ਤੇ ਬੱਸ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਦੱਸਿਆ ਜਾਂਦਾ ਹੈ ਕਿ ਸਕੂਲ ਤੋਂ ਥੋੜ੍ਹਾ ਪਹਿਲਾਂ ਪਾਣੀ ਭਰਨ ਅਤੇ ਟ੍ਰੈਫਿਕ ਜਾਮ ਹੋਣ ਕਾਰਨ ਬੱਸ ਚਾਲਕ ਨੇ ਬੱਸ ਨੂੰ ਕੱਚੀ ਸੜਕ ’ਤੇ ਉਤਾਰ ਦਿੱਤਾ। ਜਿਵੇਂ ਹੀ ਬੱਸ ਚਾਲਕ ਨੇ ਬੱਸ ਨੂੰ ਕੱਚੀ ਸੜਕ ‘ਤੇ ਮੋੜਿਆ ਤਾਂ ਬੱਸ ਪਹਿਲਾਂ ਚਿੱਕੜ ‘ਚ ਫਸ ਗਈ। ਬੱਸ ਵਿੱਚ ਸਵਾਰ ਬੱਚਿਆਂ ਵਿੱਚ ਰੌਲਾ ਪੈ ਗਿਆ। ਬੱਚਿਆਂ ਦੀਆਂ ਚੀਕਾਂ ਸੁਣ ਕੇ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚੇ। ਸੂਚਨਾ ਮਿਲਣ ‘ਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚ ਗਏ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ‘ਤੇ ਪਹੁੰਚ ਕੇ ਖੁਦ ਬੱਚਿਆਂ ਨੂੰ ਬੱਸ ‘ਚੋਂ ਉਤਾਰ ਕੇ ਆਪਣੇ ਘਰ ਪਹੁੰਚਾਇਆ। ਇਕ ਮਾਤਾ-ਪਿਤਾ ਨੇ ਦੱਸਿਆ ਕਿ ਡ੍ਰਾਈਵਰ ਨੇ ਕੱਚੀ ਸੜਕ ‘ਤੇ ਬੱਸ ਨੂੰ ਗਲਤ ਤਰੀਕੇ ਨਾਲ ਉਤਾਰਿਆ, ਜਿਸ ਕਾਰਨ ਬੱਸ ਫਸ ਗਈ। ਬੱਚਿਆਂ ਵਿੱਚੋਂ ਕਿਸੇ ਨੂੰ ਵੀ ਸੱਟ ਨਹੀਂ ਲੱਗੀ। ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਜੋ ਬੱਸ ਪਾਣੀ ‘ਚ ਫਸੀ ਸੀ, ਉਹ ਸਾਡੇ ਸਕੂਲ ਦੀ ਨਹੀਂ ਹੈ। ਉਸ ਨੂੰ ਸਕੂਲ ਦੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਨਿੱਜੀ ਤੌਰ ’ਤੇ ਰੱਖਿਆ ਹੋਇਆ ਹੈ। ਸਕੂਲ ਵੱਲੋਂ ਡਰਾਈਵਰ ਨੂੰ ਵੀ ਹਾਇਰ ਨਹੀਂ ਕੀਤਾ ਗਿਆ ਹੈ। ਫਿਰ ਵੀ ਸਾਡੇ ਵੱਲੋਂ ਬੱਚਿਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਸਾਰੇ ਬੱਚੇ ਸੁਰੱਖਿਅਤ ਹਨ।

Leave a Reply

Your email address will not be published. Required fields are marked *