ਜਲੰਧਰ ’ਚ ਕਾਂਗਰਸੀ ਆਗੂ ਦੇ ਘਰ ਨੌਕਰਾਣੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ

ਜਲੰਧਰ ‘ਚ ਸ਼ਿਵ ਵਿਹਾਰ ਨੇੜੇ ਸਾਬਕਾ ਕਾਂਗਰਸੀ ਕੌਂਸਲਰ ਰੋਹਨ ਸਹਿਗਲ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਸੋਢਲ ਨਗਰ ਦੀ ਰਹਿਣ ਵਾਲੀ ਨਿਕਿਤਾ ਵਜੋਂ ਹੋਈ ਹੈ। ਮ੍ਰਿਤਕ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਲਖਨਊ ਦਾ ਰਹਿਣ ਵਾਲੀ ਸੀ। ਲੜਕੀ ਦਾ ਪਰਿਵਾਰ ਯੂਪੀ ਵਿਚ ਰਹਿੰਦਾ ਹੈ ਅਤੇ ਉਹ ਜਲੰਧਰ ਵਿੱਚ ਆਪਣੀ ਭੂਆ ਕੋਲ ਰਹਿ ਰਹੀ ਸੀ। ਜਾਣਕਾਰੀ ਮੁਤਾਬਕ ਨਿਕਿਤਾ ਵਰਮਾ ਪਿਛਲੇ 5 ਸਾਲਾਂ ਤੋਂ ਇੱਥੇ ਕੰਮ ਕਰ ਰਹੀ ਸੀ। ਮਾਸੀ ਕ੍ਰਿਸ਼ਨਾ ਵਰਮਾ ਨੇ ਦੱਸਿਆ ਕਿ ਨਿਕਿਤਾ ਕਾਂਗਰਸੀ ਆਗੂ ਰੋਹਨ ਸਹਿਗਲ ਦੇ ਘਰ ਕੰਮ ਕਰਦੀ ਸੀ। ਸਵੇਰੇ ਸਾਨੂੰ ਫੋਨ ਆਇਆ ਕਿ ਸਾਡੀ ਬੇਟੀ ਨੇ ਖੁਦਕੁਸ਼ੀ ਕਰ ਲਈ ਹੈ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਪਰਿਵਾਰ ਦਾ ਦੋਸ਼ ਹੈ ਕਿ ਜਿਸ ਥਾਂ ‘ਤੇ ਸਾਡੀ ਧੀ ਨੇ ਫਾਹਾ ਲਾਇਆ ਸੀ, ਉਸ ਥਾਂ ਤੋਂ ਅਜਿਹੀ ਕੋਈ ਚੀਜ਼ ਨਹੀਂ ਮਿਲੀ, ਜਿਸ ਤੋਂ ਪਤਾ ਲੱਗਦਾ ਹੋਵੇ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਲੜਕੀ ਦਾ ਕਤਲ ਕੀਤਾ ਗਿਆ ਹੈ। ਹਾਲਾਂਕਿ ਪਰਿਵਾਰ ਨੇ ਕਿਸੇ ‘ਤੇ ਇਹ ਦੋਸ਼ ਨਹੀਂ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਪੁਲਿਸ ਤੋਂ ਜਾਂਚ ਹੋਣੀ ਚਾਹੀਦੀ ਹੈ। ਕ੍ਰਿਸ਼ਨਾ ਨੇ ਸਹਿਗਲ ਦੇ ਸਾਬਕਾ ਮੁਲਾਜ਼ਮ ‘ਤੇ ਦੋਸ਼ ਲਾਏ ਹਨ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਹ ਖੁਦਕੁਸ਼ੀ ਦਾ ਮਾਮਲਾ ਹੈ ਜਾਂ ਕਤਲ ਦਾ ਇਸ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਨੇ ਪਰਿਵਾਰ ਦੇ ਦੋਸ਼ਾਂ ਦੇ ਆਧਾਰ ‘ਤੇ ਬਿਆਨ ਦਰਜ ਕਰ ਲਏ ਹਨ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਨਿਕਿਤਾ ਦੀ ਲਾਸ਼ ਬਰਾਮਦ ਕੀਤੀ ਗਈ ਤਾਂ ਉਥੋਂ ਗਰਭਧਾਰਨ ਸਟ੍ਰਿੱਪ ਵੀ ਬਰਾਮਦ ਹੋਈ। ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਗਰਭਵਤੀ ਸੀ। ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਇਸ ਬਾਰੇ ਪੋਸਟਮਾਰਟਮ ਤੋਂ ਬਾਅਦ ਹੀ ਕੁਝ ਪਤਾ ਲੱਗੇਗਾ। ਲੜਕੀ ਦੀ ਉਮਰ ਕਰੀਬ 22 ਸਾਲ ਹੈ ਅਤੇ ਬਜ਼ੁਰਗ ਔਰਤ ਦੀ ਦੇਖਭਾਲ ਕਰ ਰਹੀ ਸੀ। ਕ੍ਰਿਸ਼ਨਾ ਵਰਮਾ ਨੇ ਦੱਸਿਆ- ਇਕ ਹਫਤਾ ਪਹਿਲਾਂ ਉਸ ਦੀ ਬਜ਼ੁਰਗ ਔਰਤ ਨਾਲ ਲੜਾਈ ਹੋਈ ਸੀ। ਜਿਸ ਤੋਂ ਬਾਅਦ ਉਹ ਕਾਫੀ ਪਰੇਸ਼ਾਨ ਸੀ। ਮੈਨੂੰ ਸਵੇਰੇ 10 ਵਜੇ ਖੁਦਕੁਸ਼ੀ ਦੀ ਸੂਚਨਾ ਮਿਲੀ। ਮਾਮਲੇ ਦੀ ਜਾਂਚ ਲਈ ਮੌਕੇ ’ਤੇ ਪੁੱਜੇ ਸਾਬਕਾ ਕੌਂਸਲਰ ਰੋਹਨ ਸਹਿਗਲ ਦੇ ਵਕੀਲ ਹਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਹੈ। ਸੀਸੀਟੀਵੀ ਵੀ ਪੁਲਿਸ ਨੂੰ ਸੌਂਪੇ ਗਏ ਹਨ। ਮੌਕੇ ਤੋਂ ਗਰਭਧਾਰਨ ਸਟ੍ਰਿੱਪ ਬਰਾਮਦ ਹੋਈ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰੇਗੀ।

Leave a Reply

Your email address will not be published. Required fields are marked *