ਪੰਜਾਬ ਵਿਧਾਨ ਸਭਾ ਦਾ 3 ਦਿਨਾਂ ਮਾਨਸੂਨ ਸੈਸ਼ਨ ਅੱਜ ਤੋਂ, ਪੰਚਾਇਤੀ ਸੋਧ ਸਣੇ ਕਈ ਬਿੱਲ ਕਰਵਾਏ ਜਾਣਗੇ ਪਾਸ

ਪੰਜਾਬ ਵਿਧਾਨ ਸਭਾ ਦਾ 3 ਰੋਜ਼ਾ ਮਾਨਸੂਨ ਸੈਸ਼ਨ ਅੱਜ (ਸੋਮਵਾਰ) ਤੋਂ ਸ਼ੁਰੂ ਹੋ ਰਿਹਾ ਹੈ। ਸੈਸ਼ਨ ਹੰਗਾਮੇ ਵਾਲੇ ਹੋਣ ਦੀ ਸੰਭਾਵਨਾ ਹੈ। ਸੈਸ਼ਨ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਰਹੂਮ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਨ੍ਹਾਂ ਵਿੱਚ ਪਦਮਸ਼੍ਰੀ ਪ੍ਰਸਿੱਧ ਕਵੀ ਸੁਰਜੀਤ ਪਾਤਰ ਸਮੇਤ ਕਈ ਵਿਧਾਇਕਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਨਾਂ ਸ਼ਾਮਲ ਹਨ। ਸੈਸ਼ਨ 4 ਸਤੰਬਰ ਤੱਕ ਚੱਲੇਗਾ।ਇਸ ਦੌਰਾਨ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ, ਸਾਬਕਾ ਮੰਤਰੀ ਸੁਖਦੇਵ ਸਿੰਘ ਢਿੱਲੋਂ, ਸਾਬਕਾ ਰਾਜ ਮੰਤਰੀ ਸੁਰਜੀਤ ਸਿੰਘ ਕੋਹਲੀ, ਸਾਬਕਾ ਲੋਕ ਸਭਾ ਮੈਂਬਰ ਕਮਲ ਚੌਧਰੀ, ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ, ਸਾਬਕਾ ਵਿਧਾਇਕ ਧਨਵੰਤ ਸਿੰਘ, ਸਰਦੂਲ ਸਿੰਘ, ਸੁਤੰਤਰਤਾ ਸੈਨਾਨੀ ਕਸ਼ਮੀਰ ਸਿੰਘ, ਸ. ਹਰਦੇਵ ਸਿੰਘ, ਜਗਦੀਸ਼ ਪ੍ਰਸਾਦ, ਅਟੇਡਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। ਇਸ ਤੋਂ ਬਾਅਦ ਅਗਲੀ ਕਾਰਵਾਈ ਜਾਰੀ ਰਹੇਗੀ। ਇਸ ਵਾਰ ਦੇ ਸੈਸ਼ਨ ਵਿੱਚ ਮੁੱਖ ਤੌਰ ‘ਤੇ ਪੰਜਾਬ ਪੰਚਾਇਤ ਚੋਣ ਨਿਯਮ 1994 ਦੀ ਧਾਰਾ 12 ਵਿੱਚ ਸੋਧ, ਪੰਜਾਬ ਫੈਮਲੀ ਰੂਲਜ਼ 2010 ਵਿੱਚ ਸੋਧ, ਮਲੇਰਕੋਟਲਾ ਵਿੱਚ ਨਵੀਂ ਸੈਸ਼ਨ ਕੋਰਟ ਅਤੇ ਪੰਜਾਬ ਸੁਪੀਰੀਅਰ ਜੁਡੀਸ਼ੀਅਲ ਰੂਲਜ਼ 2007 ਵਿੱਚ ਸੋਧ ਸ਼ਾਮਲ ਹੈ। ਸੈਸ਼ਨ ਵਿੱਚ ਕਿਸਾਨ ਨੀਤੀ ਦਾ ਮੁੱਦਾ ਵੀ ਉਠ ਸਕਦਾ ਹੈ।ਕਿਉਂਕਿ ਚੰਡੀਗੜ੍ਹ ਵਿੱਚ ਕਿਸਾਨ ਇਸ ਸਬੰਧੀ ਸੰਘਰਸ਼ ਕਰ ਰਹੇ ਹਨ।ਇਸ ਤੋਂ ਇਲਾਵਾ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਲਿਆਂਦਾ ਜਾਵੇਗਾ। ਇਸ ਤਹਿਤ ਨਾਜਾਇਜ਼ ਕਲੋਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ 500 ਵਰਗ ਗਜ਼ ਤੱਕ ਦੇ ਪਲਾਟਾਂ ’ਤੇ ਐਨਓਸੀ ਦੀ ਸ਼ਰਤ ਖ਼ਤਮ ਕੀਤੀ ਜਾਵੇਗੀ। ਵਿਰੋਧੀ ਧਿਰ ਕਾਨੂੰਨ ਵਿਵਸਥਾ ਅਤੇ ਨਸ਼ਾ ਤਸਕਰੀ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਨ ਦੀ ਪੂਰੀ ਕੋਸ਼ਿਸ਼ ਕਰੇਗੀ।

Leave a Reply

Your email address will not be published. Required fields are marked *