ਪੰਜਾਬ ਦੇ 2000 ਕਰੋੜ ਰੁਪਏ ਦੇ ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਖੰਨਾ ਦੇ ਕਾਂਗਰਸੀ ਆਗੂ ਰਾਜਦੀਪ ਸਿੰਘ ਨੂੰ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬੁੱਧਵਾਰ ਤੜਕੇ 4 ਵਜੇ ਤੋਂ ਰਾਜਦੀਪ ਸਿੰਘ ਦੇ ਟਿਕਾਣਿਆਂ ‘ਤੇ ਛਾਪੇਮਾਰੀ ਜਾਰੀ ਸੀ। ਈਡੀ ਨੇ ਰਾਜਨਦੀਪ ਸਿੰਘ ਖੰਨਾ ਨਾਲ ਗੱਲਬਾਤ ਕੀਤੀ। ਛਾਪੇਮਾਰੀ ਦੌਰਾਨ ਈਡੀ ਨੂੰ ਰਾਜਦੀਪ ਸਿੰਘ ਦੇ ਟਿਕਾਣਿਆਂ ‘ਤੇ ਕਈ ਅਹਿਮ ਸਬੂਤ ਮਿਲੇ ਹਨ। ਰਾਜਦੀਪ ਸਿੰਘ ਨੂੰ ਉਸੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਵਿੱਚ ਪਿਛਲੇ ਮਹੀਨੇ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬੁੱਧਵਾਰ ਨੂੰ ਈਡੀ ਨੇ ਖੰਨਾ ਦੇ ਪਿੰਡ ਇਕੋਲਾਹੀ ‘ਚ ਰਾਜਦੀਪ ਸਿੰਘ ਦੇ ਘਰ ਅਤੇ ਖੰਨਾ ਮੰਡੀ ‘ਚ ਦੁਕਾਨ ‘ਤੇ ਵੀ ਛਾਪੇਮਾਰੀ ਕੀਤੀ। ਗ੍ਰਿਫ਼ਤਾਰੀ ਮਗਰੋਂ ਰਾਜਦੀਪ ਸਿੰਘ ਨੂੰ ਅੱਜ ਮੈਡੀਕਲ ਜਾਂਚ ‘ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ। ਜਲੰਧਰ ਤੋਂ ਈਡੀ ਦੀ ਟੀਮ ਬੁੱਧਵਾਰ ਸਵੇਰੇ 4 ਵਜੇ ਖੰਨਾ ਪਹੁੰਚੀ। ਇਹ ਟੀਮਾਂ ਇਕੋਲਾਹੀ ਵਿੱਚ ਰਾਜਦੀਪ ਦੇ ਘਰ ਅਤੇ ਮੰਡੀ ਵਿੱਚ ਦੁਕਾਨ ਤੋਂ ਇਲਾਵਾ ਖੰਨਾ ਦੇ ਸਿਟੀ ਸੈਂਟਰ ਵਿੱਚ ਪਹੁੰਚੀਆਂ। ਰਿਕਾਰਡ ਦੀ ਜਾਂਚ ਤੋਂ ਬਾਅਦ ਈਡੀ ਨੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ। ਈਡੀ ਨੇ ਰਾਜਦੀਪ ਸਿੰਘ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਤਹਿਤ ਕਾਰਵਾਈ ਕੀਤੀ ਹੈ। ਦੱਸ ਦਈਏ ਕਿ ਸਿਟੀ ਸੈਂਟਰ ਸਾਬਕਾ ਮੰਤਰੀ ਕਰਮ ਸਿੰਘ ਗਿੱਲ ਦੇ ਪੁੱਤਰ ਅਤੇ ਸਮਰਾਲਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦਾ ਹੈ। ਰਾਜਦੀਪ ਸਿੰਘ ਵੀ ਰਾਜਾ ਗਿੱਲ ਦੇ ਬਹੁਤ ਕਰੀਬੀ ਹਨ। ਈਡੀ ਨੇ ਸਿਟੀ ਸੈਂਟਰ ਤੋਂ ਕੁਝ ਫਾਈਲਾਂ ਆਪਣੇ ਕਬਜ਼ੇ ਵਿੱਚ ਲੈ ਲਈਆਂ ਹਨ।