ਫ਼ਿਰੋਜ਼ਪੁਰ ਸ਼ਹਿਰ ‘ਚ ਬੀਤੇ ਦਿਨ ਕਾਰ ਸਵਾਰ ਪਰਿਵਾਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕੀਤੇ ਤਿੰਨ ਚਚੇਰੇ ਭੈਣ-ਭਰਾਵਾਂ ਦਿਲਪ੍ਰੀਤ ਸਿੰਘ , ਜਸਪ੍ਰੀਤ ਕੌਰ ਤੇ ਅਕਾਸ਼ਦੀਪ ਸਿੰਘ ਦਾ ਅੱਜ ਦੇਰ ਸ਼ਾਮ ਫਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨ ਘਾਟ ‘ਚ ਅੰਤਿਮ ਸਸਕਾਰ ਕੀਤਾ ਗਿਆ ਹੈ। ਦੋਵੇਂ ਭੈਣ -ਭਰਾਵਾਂ ਦੀਆਂ ਲਾਸ਼ਾਂ ਦਾ ਇਕੱਠਿਆਂ ਸਸਕਾਰ ਹੋਇਆ ਹੈ। ਦੱਸ ਦੇਈਏ ਕਿ ਫਿਰੋਜ਼ਪੁਰ ਸ਼ਹਿਰ ਦੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਨੇੜੇ ਮੰਗਲਵਾਰ ਦੁਪਹਿਰ ਨੂੰ ਮੋਟਰਸਾਈਕਲ ਸਵਾਰਾਂ ਨੇ ਕਾਰ ’ਚ ਜਾ ਰਹੇ ਇੱਕੋ ਪਰਿਵਾਰ ਦੇ 5 ਮੈਂਬਰਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸੀ। ਇਸ ਹਮਲੇ ’ਚ ਜਸਪ੍ਰੀਤ ਕੌਰ (25) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਅਕਾਸ਼ਦੀਪ ਸਿੰਘ ਅਤੇ ਦਿਲਪ੍ਰੀਤ ਸਿੰਘ ਵਾਸੀ ਬੈਕਸਾਈਡ ਗੁਰਦੁਆਰਾ ਅਕਾਲਗੜ੍ਹ ਸਾਹਿਬ ਫਿਰੋਜ਼ਪੁਰ ਸ਼ਹਿਰ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਇਸ ਪਰਿਵਾਰ ਦੇ 2 ਹੋਰ ਜ਼ਖਮੀ ਹਸਪਤਾਲ ’ਚ ਦਾਖਲ ਹਨ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਜਸਪ੍ਰੀਤ ਕੌਰ ਦਾ ਇਕ ਮਹੀਨੇ ਬਾਅਦ ਵਿਆਹ ਧਰਿਆ ਹੋਇਆ ਸੀ। ਪਰਿਵਾਰ ਵਿਆਹ ਵਾਸਤੇ ਖਰੀਦਦਾਰੀ ਕਰਨ ਲਈ ਜਾ ਰਿਹਾ ਸੀ। ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤ ਦਿਲਪ੍ਰੀਤ ਸਿੰਘ ਉਰਫ ਲੱਲੀ ਆਪਣੀ ਚਚੇਰੀ ਭੈਣ ਜਸਪ੍ਰੀਤ ਪੁੱਤਰੀ ਕੁਲਦੀਪ ਸਿੰਘ, ਉਸ ਦੇ ਭਰਾ ਅਨਮੋਲਦੀਪ ਸਿੰਘ ਅਤੇ ਅਕਾਸ਼ਦੀਪਲ ਸਿੰਘ ਤੇ ਹਰਮਨਪ੍ਰੀਤ ਸਿੰਘ ਪੁੱਤਰ ਹਰਮੇਸ਼ ਸਿੰਘ ਨਾਲ ਕਾਰ ਵਿਚ ਸਵਾਰ ਹੋ ਕੇ ਜਾ ਰਹੇ ਸਨ। ਜਿਵੇਂ ਉਹ ਘਰੋਂ ਨਿਕਲੇ ਤਾਂ ਗਲੀ ਦੇ ਮੋੜ ‘ਤੇ ਸਥਿਤ ਗਰੁਦੁਆਰਾ ਅਕਾਲਗੜ੍ਹ ਸਾਹਿਬ ਦੇ ਬਾਹਰ ਮੋਟਰਸਾਈਕਲ ਸਵਾਰ ਕੁਝ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਵਲੋਂ 30 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਕਾਰ ਵਿਚ ਸਵਾਰ ਉਸ ਦੀ ਭਤੀਜੀ ਜਸਪ੍ਰੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਿਕ ਬਾਅਦ ਵਿਚ ਦਿਲਪ੍ਰੀਤ ਅਤੇ ਅਕਾਸ਼ਦੀਪ ਸਿੰਘ ਦੀ ਵੀ ਮੌਤ ਹੋ ਗਈ।