ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਨੀਵਾਰ ਨੂੰ ਫਿਰ ਤੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਅੱਜ ਵੱਖ-ਵੱਖ ਵਿਭਾਗਾਂ ਦੇ 293 ਨੌਜਵਾਨਾਂ ਨੂੰ ਸਿਹਤ ਵਿਭਾਗ ਵੱਲੋਂ ਰੁਜ਼ਗਾਰ ਦਿੱਤਾ ਗਿਆ। ਮੁੱਖ ਮੰਤਰੀ ਮਾਨਯੋਗ ਨਿਯੁਕਤੀ ਪੱਤਰ ਵੰਡਣ ਦਾ ਇਹ ਪ੍ਰੋਗਰਾਮ ਮਿਉਂਸਪਲ ਭਵਨ ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ ਹੈ। ਸੀਐਮ ਭਗਵੰਤ ਮਾਨ ਦੇ ਨਾਲ ਸਿਹਤ ਮੰਤਰੀ ਡਾ ਬਲਬੀਰ ਸਿੰਘ ਵੀ ਪਹੁੰਚੇ ਹਨ। ਸੀਐੱਮ ਮਾਨ ਨੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਾਰਿਆਂ ਨੂੰ ਤਨਦੇਹੀ ਨਾਲ ਪੰਜਾਬੀਆਂ ਦੀ ਸੇਵਾ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ- ਮੈਨੂੰ ਖੁਸ਼ੀ ਹੈ ਕਿ ਆਮ ਘਰਾਂ ਦੇ ਧੀਆਂ-ਪੁੱਤ ਜੋ ਸਰਕਾਰੀ ਨੌਕਰੀਆਂ ਦੀ ਆਸ ਛੱਡ ਚੁੱਕੇ ਸੀ, ਉਹਨਾਂ ਨੂੰ ਬਿਨਾਂ ਰਿਸ਼ਵਤ ਤੇ ਸਿਫ਼ਾਰਿਸ਼ ਤੋਂ ਸਰਕਾਰੀ ਨੌਕਰੀਆਂ ਮਿਲ ਰਹੀਆਂ ਸੀਐੱਮ ਮਾਨ ਨੇ ਦੱਸਿਆ ਕਿ ਪਿਛਲੇ ਢਾਈ ਸਾਲਾਂ ‘ਚ 44974 ਦੇ ਕਰੀਬ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪ ਚੁੱਕੇ ਹਨ ਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ 16 ਟੋਲ ਪਲਾਜ਼ੇ ਬੰਦ ਹੋ ਚੁੱਕੇ ਹਨ। ਜਿਸ ਤੋਂ ਬਾਅਦ ਪੰਜਾਬੀਆਂ ਦੀ ਰੋਜ਼ਾਨਾ 61 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਦੇ ਨਾਂ ’ਤੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। 25-25 ਸਾਲਾਂ ਦੇ ਠੇਕੇ ਕੀਤੇ ਗਏ ਹਨ। ਮਾਨ ਨੇ ਕਿਹਾ ਕਿ ਸਿਹਤ ਵਿਭਾਗ ਇਕ ਅਹਿਮ ਵਿਭਾਗ ਹੈ। ਮੁਹੱਲਾ ਕਲੀਨਿਕਾਂ ਵਿੱਚ 2 ਕਰੋੜ ਮਰੀਜ਼ ਇਲਾਜ ਕਰਵਾ ਚੁੱਕੇ ਹਨ। ਜਿਸ ਦਾ ਡਾਟਾ ਉਨ੍ਹਾਂ ਦੇ ਸਿਹਤ ਵਿਭਾਗ ਕੋਲ ਹੈ। ਇਸ ਦਾ ਸਮੇਂ-ਸਮੇਂ ‘ਤੇ ਮੁਲਾਂਕਣ ਕੀਤਾ ਜਾਂਦਾ ਹੈ। ਜਿਸ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਸ ਖੇਤਰ ਵਿੱਚ ਕਿਹੜੀ ਬਿਮਾਰੀ ਵੱਧ ਰਹੀ ਹੈ। ਤਾਂ ਜੋ ਅਸੀਂ ਉਸ ਖੇਤਰ ਵਿੱਚ ਉਸ ਬਿਮਾਰੀ ਨੂੰ ਕਾਬੂ ਕਰਨ ਲਈ ਢੁਕਵੇਂ ਕਦਮ ਚੁੱਕ ਸਕੀਏ। ਪੰਜਾਬ ਵਿੱਚ ਹੁਣ ਤੱਕ 829 ਮੁਹੱਲਾ ਕਲੀਨਿਕ ਚੱਲ ਰਹੇ ਹਨ। 30 ਹੋਰ ਮਹੱਲਾ ਕਲੀਨਿਕ ਜਲਦੀ ਹੀ ਸ਼ੁਰੂ ਕੀਤੇ ਜਾਣਗੇ। ਕਰੀਬ 25 ਦਿਨ ਪਹਿਲਾਂ ਸੀਐਮ ਭਗਵੰਤ ਮਾਨ ਨੇ ਇਸੇ ਇਮਾਰਤ ਵਿੱਚ 417 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਸਨ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਪਾਰਟੀਆਂ ‘ਤੇ ਵੀ ਹਮਲਾ ਬੋਲਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਨੌਜਵਾਨਾਂ ਨੂੰ ਦੇਸ਼ ਨਾ ਛੱਡਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਯੋਗਤਾ ਅਨੁਸਾਰ ਇੱਥੇ ਰੁਜ਼ਗਾਰ ਮਿਲਦਾ ਹੈ ਤਾਂ ਬਾਹਰ ਜਾਣ ਦੀ ਕੀ ਲੋੜ ਹੈ। ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਘੁੰਮਣ ਜਾਓ।