ਪੰਜਾਬ ਦੇ ਜਲੰਧਰ ਜ਼ਿਲ੍ਹੇ ‘ਚ ਸਨੈਚਰਾਂ ਨੇ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਜਿੱਥੇ ਬੀਤੇ ਦਿਨੀਂ ਬਦਮਾਸ਼ 12ਵੀਂ ਜਮਾਤ ‘ਚ ਪੜ੍ਹਦੀ ਲੜਕੀ ਨੂੰ 200 ਮੀਟਰ ਤੱਕ ਸੜਕ ‘ਤੇ ਉਸ ਦਾ ਫ਼ੋਨ ਖੋਹਣ ਲਈ ਘਸੀਟਦੇ ਰਹੇ। ਮੋਟਰਸਾਈਕਲ ਸਵਾਰ ਤਿੰਨ ਝਪਟਮਾਰਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ 18 ਸਾਲਾ ਲੜਕੀ ਨੇ ਹਿੰਮਤ ਦਿਖਾਈ ਅਤੇ ਆਪਣਾ ਫੋਨ ਨਹੀਂ ਛੱਡਿਆ, ਪਰ ਅੰਤ ਵਿਚ ਬਦਮਾਸ਼ ਉਸ ਤੋਂ ਫੋਨ ਖੋਹਣ ਵਿੱਚ ਕਾਮਯਾਬ ਰਹੇ ਸਨ। ਜਲੰਧਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲਕਸ਼ਮੀ ਵਾਸੀ ਪਰਾਗੀ ਲਾਲ ਵਾਸੀ ਨੰਬਰ 75/03 ਗਾਰਡਨ ਕਾਲੋਨੀ ਜਲੰਧਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਅਤੇ ਉਸ ਦੀ ਭੈਣ ਕੰਮ ਤੋਂ ਵਾਪਸ ਆ ਰਹੇ ਸਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਘਰ ਦੇ ਅੰਦਰ ਜਾ ਰਹੀ ਸੀ ਤਾਂ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਸਾਹਮਣੇ ਮੋਟਰਸਾਈਕਲ ਰੋਕ ਲਿਆ ਅਤੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਬਦਮਾਸ਼ ਫੋਨ ਖੋਹ ਕੇ ਫਰਾਰ ਹੋ ਗਏ। ਸਵਪਨ ਸ਼ਰਮਾ ਨੇ ਦੱਸਿਆ ਕਿ ਲਕਸ਼ਮੀ ਨੇ ਬਾਈਕ ‘ਤੇ ਪਿੱਛੇ ਬੈਠੇ ਲੜਕੇ ਨੂੰ ਫੜ ਲਿਆ ਪਰ ਮੋਟਰਸਾਈਕਲ ਸਵਾਰ ਉਸ ਨੂੰ ਕਾਫੀ ਦੂਰ ਤੱਕ ਘਸੀਟ ਕੇ ਲੈ ਗਏ, ਜਿਸ ਕਾਰਨ ਉਸ ਦੇ ਕਾਫੀ ਸੱਟਾਂ ਲੱਗੀਆਂ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਪਛਾਣ ਪਵਨਪ੍ਰੀਤ ਸਿੰਘ, ਗਗਨਦੀਪ ਸਿੰਘ ਉਰਫ਼ ਗਗਨ ਅਤੇ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਇਸ ਉਪਰੰਤ ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਤਿੰਨਾਂ ਨੂੰ ਗਿ੍ਫ਼ਤਾਰ ਕਰ ਕੇ ਵਾਰਦਾਤ ਦੌਰਾਨ ਵਰਤਿਆ ਮੋਟਰਸਾਈਕਲ ਨੰ: ਪੀ.ਬੀ.08-ਬੀ.ਈ.-1179 ਬਰਾਮਦ ਕਰ ਲਿਆ ਹੈ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗਗਨਦੀਪ ਸਿੰਘ ਖਿਲਾਫ ਪਹਿਲਾਂ ਹੀ ਤਿੰਨ ਕੇਸ ਪੈਂਡਿੰਗ ਹਨ ਜਦਕਿ ਪਵਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਦਾ ਅਜੇ ਤੱਕ ਕੋਈ ਅਪਰਾਧਿਕ ਇਤਿਹਾਸ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।