ਜਨਮਦਿਨ ਦੀ ਪਾਰਟੀ ਮੌਕੇ ਸ਼ਹਿਰ ਦੀ ਇੱਕ ਨਾਮੀ ਬੇਕਰੀ ਤੋਂ ਲਿਆਦੇ ਖਾਦ ਪਦਾਰਥ ਖਾਣ ਉਪਰੰਤ ਦਰਜਨ ਤੋਂ ਵੱਧ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਅਚਾਨਕ ਬਿਮਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਉਪਰੰਤ ਪੀੜਿਤਾਂ ਨੂੰ ਸਥਾਨਕ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਬਿਮਾਰ ਹੋਣ ਵਾਲਿਆਂ ’ਚ ਜ਼ਿਆਦਾਤਰ ਬੱਚੇ ਸ਼ਾਮਲ ਹਨ, ਜੋ ਕਿ ਇੱਕ ਬੱਚੇ ਦੇ ਜਨਮਦਿਨ ਦੀ ਪਾਰਟੀ ਲਈ ਇਕੱਠੇ ਹੋਏ ਸਨ। ਪਟਿਆਲਾ ਸ਼ਹਿਰ ਵਿੱਚ ਕੁੱਝ ਮਹੀਨੇ ਪਹਿਲਾਂ ਵੀ ਇਸੇ ਇਲਾਕੇ ਅੰਦਰ ਸਥਿਤ ਇੱਕ ਹੋਰ ਬੇਕਰੀ ਦਾ ਕੇਕ ਖਾਣ ਉਪਰੰਤ ਬਿਮਾਰ ਹੋਣ ’ਤੇ ਬੱਚੀ ਦੀ ਮੌਤ ਹੋ ਗਈ ਸੀ। ਉਸ ਸਮੇ ਵੀ ਮਾਮਲਾ ਸੁਰਖੀਆਂ ’ਚ ਆਉਣ ਉਪਰੰਤ ਪੁਲਿਸ ਕੇਸ ਦਰਜ ਹੋਇਆ ਸੀ ਤੇ ਸਿਹਤ ਵਿਭਾਗ ਹਰਕਤ ’ਚ ਆਇਆ ਸੀ। ਹੁਣ ਵੀ ਮਾਮਲਾ ਉਜਾਗਰ ਹੋਣ ਉਪਰੰਤ ਸਿਹਤ ਵਿਭਾਗ ਦੀ ਟੀਮ ਵੱਲੋਂ ਸਬੰਧਿਤ ਬੇਕਰੀ ਤੋਂ ਸੈਂਪਲ ਭਰੇ ਗਏ ਹਨ, ਜਿਨ੍ਹਾਂ ਵਿਚੋਂ ਕਈ ਸੈਂਪਲ ਸਬ-ਸਟੈਂਡਰਡ ਪਾਏ ਗਏ ਸਨ।