ਕੇਂਦਰ ਸਰਕਾਰ ਨੇ ਆਯੁਸ਼ਮਾਨ ਭਾਰਤ ਯੋਜਨਾ ਨੂੰ ਹੋਰ ਵਿਸਤਾਰ ਦੇ ਦਿੱਤਾ ਹੈ। ਹੁਣ 70 ਸਾਲ ਤੋਂ ਉੱਤੇ ਦੇ ਸਾਰੇ ਬਜ਼ੁਰਗਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਇਸਦੇ ਤਹਿਤ ਹਰ ਸਾਲ 5 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕਰਵਾਇਆ ਜਾ ਸਕਦਾ ਹੈ। ਬੁੱਧਵਾਰ ਨੂੰ ਮੋਦੀ ਕੈਬਨਿਟ ਨੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਮੁਤਾਬਕ 6 ਕਰੋੜ ਬਜ਼ੁਰਗਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਇਸ ਵਿੱਚ ਦੇਸ਼ ਦੇ ਕਰੀਬ 4.5 ਕਰੋੜ ਪਰਿਵਾਰ ਸ਼ਾਮਿਲ ਹੋਣਗੇ। ਕੇਂਦਰੀ ਕੈਬਨਿਟ ਮੀਟਿੰਗ ਤੋਂ ਬਾਅਦ ਬ੍ਰੀਫਿੰਗ ਵਿੱਚ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਸ਼ੁਰੂਆਤ ਵਿੱਚ ਯੋਜਨਾ ਦੇ ਲਈ 3,437 ਕਰੋੜ ਰੁਪਏ ਖਰਚ ਕੀਤੇ ਜਾਣਗੇ। ਜਿਵੇਂ-ਜਿਵੇਂ ਲੋਕ ਇਸ ਯੋਜਨਾ ਨਾਲ ਜੁੜਨਗੇ,ਇਸਦਾ ਦਾਇਰਾ ਵਧਾਇਆ ਜਾਵੇਗਾ। ਸਰਕਾਰ ਨੇ ਕਿਹਾ ਕਿ 70 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਸਾਰੇ ਬਜ਼ੁਰਗ ਚਾਹੇ ਉਨ੍ਹਾਂ ਦੀ ਆਰਥਿਕ ਸਥਿਤੀ ਕਿਵੇਂ ਦੀ ਵੀ ਹੋਵੇ, ਉਹ ਇਸ ਯੋਜਨਾ ਦਾ ਲਾਭ ਲੈ ਸਕਣਗੇ। ਉਨ੍ਹਾਂ ਦੇ ਲਈ ਇੱਕ ਅਲੱਗ ਨਵਾਂ ਕਾਰਡ ਜਾਰੀ ਕੀਤਾ ਜਾਵੇਗਾ। ਜੋ ਪਰਿਵਾਰ ਪਹਿਲਾਂ ਤੋਂ ਆਯੁਸ਼ਮਾਨ ਦੇ ਦਾਇਰੇ ਵਿੱਚ ਹਨ, ਉਨ੍ਹਾਂ ਨੂੰ 70 ਤੋਂ ਵੱਧ ਉਮਰ ਦੇ ਬਜ਼ੁਰਗ ਦੇ ਲਈ ਹਰ ਸਾਲ 5 ਲੱਖ ਰੁਪਏ ਦਾ ਐਡੀਸ਼ਨਲ ਕਵਰ ਮਿਲੇਗਾ। ਇਸਦੀ ਵਰਤੋਂ ਪਰਿਵਾਰ ਦੇ ਹੋਰ ਲੋਕ ਨਹੀਂ ਕਰ ਸਕਣਗੇ। ਦੱਸ ਦੇਈਏ ਕਿ 70 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨ ਜੋ ਪਹਿਲਾਂ ਤੋਂ ਹੀ ਕੇਂਦਰ ਸਰਕਾਰ ਦੀ ਸਿਹਤ ਯੋਜਨਾ (CGHS), ਸਾਬਕਾ ਸੈਨਿਕ ਯੋਗਦਾਨੀ ਸਿਹਤ ਯੋਜਨਾ(ECHS), ਆਯੁਸ਼ਮਾਨ ਕੇਂਦਰੀ ਹਥਿਆਰਬੰਦ ਪੁਲਿਸ ਬਲ(CAPF) ਵਰਗੀਆਂ ਹੋਰ ਜਨਤਕ ਸਿਹਤ ਬੀਮਾ ਯੋਜਨਾਵਾਂ ਦਾ ਫਾਇਦਾ ਲੈ ਰਹੇ ਹਨ। ਉਹ ਜਾਂ ਤਾਂ ਆਪਣੀ ਮੌਜੂਦਾ ਯੋਜਨਾ ਚੁਣ ਸਕਦੇ ਹਨ ਜਾਂ AB PM-JAY ਦਾ ਵਿਕਲਪ ਚੁਣ ਸਕਦੇ ਹਨ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕ ਜੋ ਕਿ ਨਿੱਜੀ ਸਿਹਤ ਬੀਮਾ ਪਾਲਿਸੀ ਜਾਂ ਕਰਮਚਾਰੀ ਰਾਜ ਬੀਮਾ ਯੋਜਨਾ ਦੇ ਅਧੀਨ ਹੈ, ਉਹ AB PM-JAY ਦੇ ਤਹਿਤ ਫਾਇਦਾ ਲੈਣ ਦੇ ਯੋਗ ਹੋਣਗੇ।