ਦੀਨਾਨਗਰ ਦੀ ਬਰਿਆਰ ਚੌਕੀ ਅਧੀਨ ਆਉਂਦੇ ਪਿੰਡ ਰਣਜੀਤ ਬਾਗ਼ ਨੇੜਲੇ ਰਜਬਾਹੇ ਵਿੱਚੋਂ ਨੌਜਵਾਨ ਦੀ ਬੋਰੀ ਵਿੱਚ ਬੰਨ੍ਹੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ (18) ਪੁੱਤਰ ਰਮੇਸ਼ ਲਾਲ ਵਾਸੀ ਪਿੰਡ ਦਾਖਲਾ ਵਜੋਂ ਹੋਈ ਹੈ। ਨਹਿਰੀ ਵਿਭਾਗ ਦੇ ਕਰਮਚਾਰੀ, ਜਦੋਂ ਰਜਬਾਹੇ ਦੀ ਜਾਂਚ ਕਰਨ ਪੁੱਜੇ ਤਾਂ ਉਨ੍ਹਾਂ ਨੇ ਇੱਕ ਬੋਰੀ ਦੇਖੀ। ਮੌਕੇ ’ਤੇ ਮੌਜੂਦ ਲੋਕਾਂ ਨੇ ਇਸ ਬੋਰੀ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਡੀਐੱਸਪੀ ਸੁਰਿੰਦਰ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਨੌਜਵਾਨ ਦੇ ਸਿਰ ਦੇ ਸੱਜੇ ਪਾਸੇ ਸੱਟ ਦੇ ਨਿਸ਼ਾਨ ਹਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।