ਪ੍ਰਾਈਵੇਟ ਹਸਪਤਾਲਾਂ ਵੱਲੋਂ ਆਯੁਸ਼ਮਾਨ ਸਕੀਮ ਤਹਿਤ ਇਲਾਜ ਬੰਦ

ਆਯੁਸ਼ਮਾਨ ਭਾਰਤ ਸਰੱਬਤ ਸਿਹਤ ਬੀਮਾ ਯੋਜਨਾ ਤਹਿਤ ਲੋੜਵੰਦ ਲੋਕਾਂ ਨੂੰ 5 ਲੱਖ ਰੁਪਏ ਤਕ ਦੀ ਸਿਹਤ ਸਹੂਲਤ ਇਕ ਵਾਰ ਫਿਰ ਪ੍ਰਾਈਵੇਟ ਹਸਪਤਾਲਾਂ ’ਚ ਬੰਦ ਕਰ ਦਿੱਤੀ ਗਈ ਹੈ। ਆਯੁਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਇਕੱਲੇ ਬਠਿੰਡਾ ਵਿਚ ਪ੍ਰਾਈਵੇਟ ਹਸਪਤਾਲਾਂ ਨੂੰ ਅਜੇ ਤਕ 100 ਕਰੋੜ ਰੁਪਏ ਤੋਂ ਵੱਧਧ ਦੀ ਅਦਾਇਗੀ ਨਹੀਂ ਹੋਈ। ਇਸ ਵਿਚ ਜ਼ਿਲ੍ਹੇ ਦੇ ਕਰੀਬ 80 ਹਸਪਤਾਲ ਸ਼ਾਮਲ ਹਨ, ਜਿਹੜੇ ਇਸ ਸਕੀਮ ਤਹਿਤ ਪੈਸਿਆਂ ਦੀ ਉਡੀਕ ਕਰ ਰਹੇ ਹਨ। ਮਾਰਚ 2024 ਤੋਂ ਸਰਕਾਰ ਨੇ ਇਨ੍ਹਾਂ ਹਸਪਤਾਲਾਂ ਨੂੰ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੇ ਤਹਿਤ ਕੀਤੇ ਜਾਣ ਵਾਲੇ 5 ਲੱਖ ਰੁਪਏ ਤਕ ਦੇ ਇਲਾਜ ਲਈ ਭੁਗਤਾਨ ਨਹੀਂ ਕੀਤਾ ਹੈ। ਅਜਿਹੇ ‘ਚ ਸਾਰੇ ਨਿੱਜੀ ਹਸਪਤਾਲਾਂ ਨੇ ਬਾਹਰ ਬੋਰਡ ਲਗਾ ਦਿੱਤੇ ਹਨ, ਜਿਨ੍ਹਾਂ ‘ਚ ਸਪੱਸ਼ਟ ਲਿਖਿਆ ਹੋਇਆ ਹੈ ਕਿ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਭੁਗਤਾਨ ਨਾ ਕੀਤੇ ਜਾਣ ਕਾਰਨ ਆਯੁਸ਼ਮਾਨ ਯੋਜਨਾ ਕਾਰਡ ਧਾਰਕ ਦਾ ਇਲਾਜ ਬੰਦ ਕਰ ਦਿੱਤਾ ਗਿਆ ਹੈ। ਕਾਰਡ ਧਾਰਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਮਰੀਜ਼ਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲਾਂ ਵਿਚ ਲੈ ਕੇ ਜਾਣ। ਇੱਥੇ ਚਿੰਤਾਜਨਕ ਗੱਲ ਇਹ ਹੈ ਕਿ ਭਾਵੇਂ ਸਰਕਾਰੀ ਹਸਪਤਾਲਾਂ ਵਿਚ ਇਸ ਸਕੀਮ ਤਹਿਤ ਇਲਾਜ ਦੀਆਂ ਸਹੂਲਤਾਂ ਹਨ ਪਰ ਉਹ ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ ਬਹੁਤ ਸਾਰੀਆਂ ਸਹੂਲਤਾਂ ਦੇਣ ਤੋਂ ਅਸਮਰੱਥ ਹਨ। ਅਜਿਹੇ ‘ਚ ਜੇਕਰ ਕਿਸੇ ਹਸਪਤਾਲ ‘ਚ ਮਸ਼ੀਨ ਹੈ ਤਾਂ ਉਸ ਨੂੰ ਚਲਾਉਣ ਵਾਲੇ ਲੋਕ ਮਾਹਿਰ ਨਹੀਂ ਹਨ। ਇਸ ਸਥਿਤੀ ਵਿਚ ਜ਼ਿਆਦਾਤਰ ਸਰਕਾਰੀ ਹਸਪਤਾਲ ਵੀ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਰੈਫਰ ਕਰਨ ਲਈ ਮਜਬੂਰ ਹਨ। ਹੁਣ ਜੇਕਰ ਆਯੁਸ਼ਮਾਨ ਯੋਜਨਾ ਤਹਿਤ ਇਲਾਜ ਕਰਵਾਉਣ ਦਾ ਇੱਛੁਕ ਵਿਅਕਤੀ ਸਰਕਾਰੀ ਹਸਪਤਾਲ ‘ਚ ਇਲਾਜ ਨਹੀਂ ਕਰਵਾ ਪਾਉਂਦਾ ਤਾਂ ਉਸ ਨੂੰ ਮੋਟੀ ਰਕਮ ਅਦਾ ਕਰਕੇ ਨਿੱਜੀ ਹਸਪਤਾਲ ‘ਚ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪਵੇਗਾ। ਹਾਲਤ ਇਹ ਬਣ ਗਈ ਹੈ ਕਿ ਇਸ ਯੋਜਨਾ ਦੇ ਤਹਿਤ ਨਿੱਜੀ ਹਸਪਤਾਲਾਂ ਵਿਚ ਇਲਾਜ ਕਰਾਉਣ ਗਏ ਜ਼ਿਆਦਾਤਰ ਮਰੀਜ਼ਾਂ ਨੂੰ ਬਿਨਾਂ ਇਲਾਜ ਵਾਪਸ ਮੋੜ ਦਿੱਤਾ ਗਿਆ। ਦੂਜੇ ਪਾਸੇ ਇਸ ਸਕੀਮ ਤੋਂ ਬਿਨਾਂ ਆਪਣਾ ਇਲਾਜ ਕਰਵਾਉਣ ਦੇ ਚਾਹਵਾਨ ਲੋਕਾਂ ਨੂੰ ਹੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾ ਰਿਹਾ ਹੈ। ਨਿੱਜੀ ਹਸਪਤਾਲਾਂ ਵੱਲੋਂ ਮਰੀਜ਼ਾਂ ਨੂੰ ਸਾਫ ਤੌਰ ’ਤੇ ਕਿਹਾ ਜਾ ਰਿਹਾ ਹੈ ਕਿ ਹੁਣ ਇਸ ਸਕੀਮ ਤਹਿਤ ਕੋਈ ਇਲਾਜ ਨਹੀਂ ਹੋਵੇਗਾ, ਜੇਕਰ ਉਹ ਇਲਾਜ ਕਰਵਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਖਰਚਾ ਦੇਣਾ ਪਵੇਗਾ। ਅਜਿਹੇ ਵਿਚ ਪ੍ਰਾਈਵੇਟ ਹਸਪਤਾਲਾਂ ਵੱਲੋਂ ਇਲਾਜ ਅੱਧ ਵਿਚਾਲੇ ਬੰਦ ਕਰ ਦੇਣ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ ਆਪਣੇ ਖਰਚੇ ’ਤੇ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹਨ। ਪੱਥਰੀ ਦੇ ਆਪ੍ਰੇਸ਼ਨ ਅਤੇ ਹੋਰ ਸਰਜਰੀ ਤੋਂ ਇਲਾਵਾ ਦੁਰਘਟਨਾ ਪੀੜਤਾਂ ਦੇ ਤੁਰੰਤ ਆਪ੍ਰੇਸ਼ਨ ਅਤੇ ਇਲਾਜ ਮੁਹੱਈਆ ਕਰਵਾਉਣ ਵਿਚ ਇਹ ਸਕੀਮ ਬਹੁਤ ਮਦਦਗਾਰ ਸਾਬਤ ਹੋ ਰਹੀ ਸੀ। ਮੌਜੂਦਾ ਸਮੇਂ ਵਿਚ ਸਰਕਾਰੀ ਹਸਪਤਾਲਾਂ ਵਿਚ ਬਹੁਤ ਸਾਰੇ ਇਲਾਜ ਉਪਲਬਧ ਹਨ, ਪਰ ਤਕਨੀਕੀ ਊਣਤਾਈਆਂ ਅਤੇ ਸਟਾਫ਼ ਦੀ ਭਾਰੀ ਘਾਟ ਕਾਰਨ ਐਮਰਜੈਂਸੀ ਇਲਾਜ ਵਿਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਮਰੀਜ਼ ਪ੍ਰਾਈਵੇਟ ਹਸਪਤਾਲਾਂ ਦਾ ਰੁਖ ਕਰਦੇ ਹਨ। ਜੇਕਰ ਬਠਿੰਡਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ 3.28 ਲੱਖ ਆਯੁਸ਼ਮਾਨ ਕਾਰਡਧਾਰਕ ਹਨ। ਇਨ੍ਹਾਂ ਵਿੱਚੋਂ ਪਿਛਲੇ ਸਾਲ 95 ਹਜ਼ਾਰ ਲੋਕਾਂ ਨੇ ਆਯੂਸ਼ਮਾਨ ਕਾਰਡ ਤਹਿਤ ਬਿਮਾਰੀਆਂ ਦਾ ਇਲਾਜ ਕਰਵਾਇਆ ਸੀ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 21 ਹਜ਼ਾਰ ਕੇਸ ਡਾਇਲਸਿਸ ਦੇ ਸਨ। ਗਰੀਬ ਲੋਕਾਂ ਨੂੰ ਇਸ ਸਕੀਮ ਦਾ ਕਾਫ਼ੀ ਲਾਹਾ ਮਿਲ ਰਿਹਾ ਸੀ, ਪਰ ਹੁਣ ਗਰੀਬ ਲੋਕ ਪਰੇਸ਼ਾਨ ਹਨ।ਪੰਜਾਬ ਸਰਕਾਰ ਵੱਲੋਂ 20 ਅਗਸਤ 2019 ਨੂੰ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ। ਸਰਕਾਰ ਨੇ ਲੋੜਵੰਦ ਪਰਿਵਾਰਾਂ ਨੂੰ 5 ਲੱਖ ਰੁਪਏ ਤਕ ਦੀ ਮੁਫਤ ਮੈਡੀਕਲ ਸਹੂਲਤ ਦੇਣ ਦੇ ਉਦੇਸ਼ ਨਾਲ ਇਹ ਸਕੀਮ ਸ਼ੁਰੂ ਕੀਤੀ ਸੀ। ਇਸ ਵਿਚ ਹੋਣ ਵਾਲਾ ਖਰਚਾ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵੱਲੋਂ 60:40 ਦੇ ਅਨੁਪਾਤ ਵਿਚ ਦਿੱਤਾ ਜਾਂਦਾ ਹੈ, ਪਰ ਹੁਣ ਪ੍ਰਾਈਵੇਟ ਹਸਪਤਾਲਾਂ ਨੂੰ ਕੇਂਦਰ ਸਰਕਾਰ ਵੱਲੋਂ ਬਣੀ ਰਾਸ਼ੀ ਨਾ ਦੇਣ ਕਾਰਨ ਪ੍ਰਾਈਵੇਟ ਹਸਪਤਾਲਾਂ ਨੇ ਇਲਾਜ ਬੰਦ ਕਰ ਦਿੱਤਾ ਹੈ।

Leave a Reply

Your email address will not be published. Required fields are marked *