ਚੰਡੀਗੜ੍ਹ, 15 ਜੂਨ – ਕੋਰੋਨਾ ਦਾ ਪ੍ਰਭਾਵ ਘਟ ਹੋਣ ‘ਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪਾਬੰਦੀਆਂ ਤੋਂ ਰਾਹਤ ਦਿੱਤੀ ਗਈ ਹੈ। ਅੱਜ 15 ਜੂਨ ਤੋਂ ਗਾਈਡਲਾਈਨਜ਼ ਦਾ ਟਾਇਮ ਖਤਮ ਹੋਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਹਤ ਮੰਤਰੀ ਅਤੇ ਸਿਹਤ ਮਾਹਿਰਾਂ ਨਾਲ ਕੋਵਿਡ ਰਿਵਿਊ ਮੀਟਿੰਗ ਕੀਤੀ ਗਈ।ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਵੇਂ ਦਿਸ਼ਾ ਨਿਰਦੇਸ਼ਾਂ ਵਿਚ ਹੁਣ ਸਿਨੇਮਾ ਹਾਲ, ਰੈਸਟੋਰੈਂਟ ‘ਤੇ ਜਿੰਮ 50 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ ਜਦਕਿ ਵਿਆਹ, ਸ਼ੋਕ ਸਮਾਗਮ ਤੇ ਹੋਰ ਸਮਾਗਮਾਂ ਲਈ ਸ਼ਮੂਲੀਅਤ 20 ਤੋਂ ਵਧਾ ਕੇ 50 ਕਰ ਦਿੱਤੀ ਗਈ ਹੈ।ਬਾਰ, ਅਹਾਤੇ, ਕਲੱਬ ਅਜੇ ਬੰਦ ਰਹਿਣਗੇ ਜਦਕਿ ਨਾਈਟ ਕਰਫਿਊ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ। ਨਾਈਟ ਕਰਫਿਊ ਜੋ ਕਿ ਪਹਿਲਾ 6 ਵਜੇ ਲੱਗਦਾ ਸੀ ਹੁਣ ਇਸਦਾ ਸਮਾਂ ਰਾਤ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰ ਦਿੱਤਾ ਗਿਆ ਹੈ। ਵੀਕੈਂਡ ਕਰਫਿਊ ਸ਼ਨੀਵਾਰ ਰਾਤ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਰਹੇਗਾ।ਸੋਸ਼ਲ ਡਿਸਟੈਂਸ ਅਤੇ ਮਾਸਕ ਜਰੂਰੀ ਕਰਨ ਲਈ ਸਖਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਨਵੇਂ ਆਦੇਸ਼ 25 ਜੂਨ ਤੱਕ ਲਾਗੂ ਰਹਿਣਗੇ। ਇਹ ਵੀ ਕਿਹਾ ਗਿਆ ਹੈ ਕਿ ਡਿਪਟੀ ਕਮਿਸ਼ਨਰ ਆਪਣੇ ਪੱਧਰ ‘ਤੇ ਐਤਵਾਰ ਨੂੰ ਮਾਰਕੀਟ ਖੋਲ੍ਹਣ ਦਾ ਫੈਸਲਾ ਲੈ ਸਕਦੇ ਹਨ।ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਰੈਸਟੋਰੈਂਟ ਤੇ ਜਿੰਮ ਵਿਚ ਕੰਮ ਕਰਨ ਵਾਲਿਆਂ ਦੇ ਕੋਰੋਨਾ ਵੈਕਸੀਨ ਦੀ ਇੱਕ ਡੋਜ਼ ਲੱਗੀ ਹੋਣੀ ਲਾਜ਼ਮੀ ਹੈ।ਮੁੱਖ ਸਕੱਤਰ ਵਿੰਨੀ ਮਹਾਜਨ ਅਨੁਸਾਰ ਪੰਜਾਬ ‘ਚ 8 ਮਈ ਨੂੰ ਕੋਰੋਨਾ ਦੀ ਦੂਸਰੀ ਲਹਿਰ ਦੇ ਸਿਖਰ ‘ਤੇ ਕੋਰੋਨਾ ਦੇ 9100 ਕੇਸ ਦਰਜ ਕੀਤੇ ਗਏ ਸਨ ਜੋ ਕਿ 14 ਜੂਨ ਨੂੰ ਘੱਟ ਕੇ 629 ‘ਤੇ ਆ ਗਏ ਹਨ।ਇਸ ਦੇ ਚੱਲਦਿਆ ਕੋਰੋਨਾ ਪਾਬੰਦੀਆਂ ‘ਚ ਢਿੱਲ ਦਿੱਤੀ ਗਈ ਹੈ।