ਜਲੰਧਰ ਦੇ ਪਿੰਡ ਜੰਡਿਆਲਾ ਮੰਜਕੀ (Jandiala Manjki) ‘ਚ ਫਗਵਾੜਾ ਰੋਡ ‘ਤੇ ਟੀ-ਪੁਆਇੰਟ ਉੱਪਰ ਹੋਏ ਦਰਦਨਾਕ ਹਾਦਸੇ ‘ਚ 45 ਸਾਲਾ ਔਰਤ ਦੀ ਮੌਤ ਹੋ ਗਈ ਹੈ। ਹਾਦਸਾ ਦੁਪਹਿਰ ਕਰੀਬ 12.30 ਵਜੇ ਵਾਪਰਿਆ। ਇਸ ਸਬੰਧੀ ਜੰਡਿਆਲਾ ਮੰਜਕੀ ਪੁਲਿਸ ਥਾਣੇ ਦੇ ਚੌਕੀ ਇੰਚਾਰਜ ਅਵਤਾਰ ਸਿੰਘ ਕੂੰਨਰ ਨੇ ਦੱਸਿਆ ਕਿ ਜਗਜੀਤ ਕਾਲੀਆ ਤੇ ਉਨ੍ਹਾਂ ਦੀ ਪਤਨੀ ਵੰਦਨਾ ਕਾਲੀਆ ਵਾਸੀ ਨੂਰਮਹਿਲ ਸਕੂਟੀ ਨੰਬਰ PB08FA9747 ਉੱਪਰ ਪਿੰਡ ਸਮਰਾਵਾਂ ਪੇਕੇ ਘਰ ਤੋਂ ਵਾਪਸ ਸਹੁਰੇ ਘਰ ਨੂਰਮਹਿਲ ਨੂੰ ਜਾ ਰਹੇ ਸੀ। ਜਦੋਂ ਜੰਡਿਆਲਾ ਦੇ ਫਗਵਾੜਾ ਰੋਡ ਉੱਪਰ ਬਣੇ ਟੀ ਪੁਆਇੰਟ ‘ਤੇ ਪਹੁੰਚੇ ਤਾਂ ਦੂਜੀ ਸਾਈਡ ਤੋਂ ਆ ਰਹੀ ਰੇਤ ਦੀ ਓਵਰਲੋਡ ਟਰਾਲੀ ਨਾਲ ਟੱਕਰ ਹੋ ਗਈ। ਹਾਦਸੇ ‘ਚ 45 ਸਾਲਾ ਵੰਦਨਾ ਕਾਲੀਆਂ ਨੂੰ ਟ੍ਰੈਕਟਰ ਟਰਾਲੀ ਨੇ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਟਰੈਕਟਰ ਚਾਲਕ ਨੂੰ ਕਾਬੂ ਕਰ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇੱਥੇ ਹੀ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਹੁੰਦਾ ਹੈ ਕਿ ਕਿਵੇਂ ਓਵਰਲੋਡ ਟਰੈਕਟਰ ਟਰਾਲੀਆਂ ‘ਚ ਰੇਤਾ ਭਰੀ ਜਾਂਦੇ ਹਨ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਹੁਣ ਵੇਖਣਾ ਹੋਵੇਗਾ ਕਿ ਇਸ ਹਾਦਸੇ ਤੋਂ ਬਾਅਦ ਓਵਰਲੋਡ ਵਾਹਨਾਂ ਉਪਰ ਕਾਰਾਵਾਈ ਕੀਤੀ ਜਾਂਦੀ ਹੈ ਜਾਂ ਫਿਰ ਅਜਿਹੇ ਹਾਦਸੇ ਇਵੇਂ ਹੀ ਅੱਗੇ ਵੀ ਵਾਪਰਦੇ ਰਹਿਣਗੇ।