ਪਟਿਆਲਾ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਬਿਨਾਂ ਵਰਦੀ ਪਾਏ ਟਰੈਫਿਕ ਪੁਲਿਸ ਦੇ ਮੁਲਾਜ਼ਮ ਸੜਕ ਦੇ ਉੱਪਰ ਨਾਜਾਇਜ਼ ਜਗ੍ਹਾ ਦੇ ਉੱਪਰ ਆਪਣੀ ਗੱਡੀ ਖੜੀ ਕਰਕੇ ਲੋਕਾਂ ਦੇ ਚਲਾਨ ਕੱਟਦੇ ਹੋਏ ਨਜ਼ਰ ਆ ਰਹੇ ਹਨ, ਪਰ ਵਿਵਾਦ ਉਦੋਂ ਖੜਾ ਹੋ ਜਾਂਦਾ ਹੈ ਜਦੋਂ ਇੱਕ ਵਿਅਕਤੀ ਇਹਨਾਂ ਬਿਨਾਂ ਵਰਦੀ ਤੋ ਚਲਾਨ ਕੱਟ ਰਹੇ ਪੁਲਿਸ ਮੁਲਾਜ਼ਮਾਂ ਨੂੰ ਸਵਾਲ ਜਵਾਬ ਕਰਦਾ ਹੈ। ਉਸ ਵਿਅਕਤੀ ਦੇ ਸਵਾਲ ਸੁਣਦਿਆਂ ਸਾਰ ਹੀ ਇਹ ਦੋਵੇਂ ਪੁਲਿਸ ਮੁਲਾਜ਼ਮ ਪੁੱਠੇ ਪੈਰੀਂ ਗੱਡੀ ਵਿਚ ਬੈਠ ਕੇ ਭੱਜਦੇ ਹੋਏ ਨਜ਼ਰ ਆਏ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਬਣਾਉਣ ਵਾਲਾ ਵਿਅਕਤੀ ਆਖ ਰਿਹਾ ਹੈ ਕਿ ਸਾਬ ਬਹਾਦਰ ਤੁਸੀਂ ਮੇਰੀ ਗੱਡੀ ਦਾ ਚਲਾਨ ਕੱਟਿਆ ਹੈ ਪਰ ਤੁਸੀਂ ਆਪਣੀ ਗੱਡੀ ਨੂੰ ਗਲਤ ਪਾਰਕਿੰਗ ਦੇ ਵਿੱਚ ਲਗਾ ਕੇ ਸੜਕ ਵਿਚਾਲੇ ਲੋਕਾਂ ਦੇ ਚਲਾਨ ਕੱਟ ਰਹੇ ਹੋ ਤੁਸੀਂ ਆਪਣੀ ਗੱਡੀ ਦਾ ਚਲਾਨ ਕਿਉਂ ਨਹੀਂ ਕੱਟ ਰਹੇ। ਤੁਹਾਡੀ ਗੱਡੀ ਦੇ ਕਾਗਜ਼ ਕਿੱਥੇ ਹਨ ਅਤੇ ਕੀ ਇਸਦੀ ਇਨਸੋਰੈਂਸ ਤੁਸੀਂ ਕਰਵਾਈ ਹੋਈ ਹੈ। ਉਸਤੋਂ ਬਾਅਦ ਵੀਡੀਓ ’ਚ ਇਹ ਬਿਨਾਂ ਵਰਦੀ ਪੁਲਿਸ ਮੁਲਜ਼ਮ ਭੱਜਦੇ ਹੋਏ ਨਜ਼ਰ ਆ ਰਹੇ ਹਨ। ਇਸ ਮੌਕੇ ਡੀਐਸਪੀ ਟਰੈਫਿਕ ਅੱਛਰੂ ਰਾਮ ਨੇ ਦੱਸਿਆ ਕਿ ਪਟਿਆਲੇ ਅਮਰ ਹਸਪਤਾਲ ਦੇ ਸਾਹਮਣੇ ਕਾਰਾਂ ਦੀ ਗਲਤ ਪਾਰਕਿੰਗ ਹੋਈ ਸੀ, ਕੰਟਰੋਲ ਰੂਮ ਤੋਂ ਸਾਨੂੰ ਕਾਲ ਆਈ ਸੀ, ਕਿ ਕੋਈ ਐਬੂਲੈਂਸ ਜਾਮ ਵਿਚ ਫਸੀ ਹੋਈ ਹੈ। ਜਿਸ ’ਤੇ ਕਾਰਵਾਈ ਕਰਦਿਆਂ ਸਾਡਾ ਏਐਸਆਈ ਤਰਸੇਮ ਸਿੰਘ ਉਹ ਮੌਕੇ ’ਤੇ ਹਾਜ਼ਰ ਸੀ, ਜੋ ਸਿਵਲ ਕੱਪੜਿਆਂ ਵਿਚ ਸੀ। ਐਬੂਲੈਂਸ ਕੱਢਣੀ ਜ਼ਰੂਰੀ ਸੀ ਕਿਉਂਕਿ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। ਉਸ ਨੂੰ ਤੁਰੰਤ ਬਿਨ੍ਹਾਂ ਵਰਦੀ ਤੋਂ ਕਰੇਨ ਲੈ ਕੇ ਭੇਜਿਆ ਗਿਆ ਸੀ । ਉਸ ਨੇ ਕਰੇਨ ਨਾਲ ਗੱਡੀਆਂ ਚੁੱਕ ਕੱਢਵਾਇਆ ਸੀ। ਤਰਸੇਮ ਸਿੰਘ ਨੇ ਆਪਣੀ ਡਿਊਟੀ ਨਿਭਾਈ ਹੈ।