15 ਅਕਤੂਬਰ ਨੂੰ ਪੈਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਹਰ ਆਏ ਦਿਨ ਨਾਲ ਨਵਾਂ ਕੁਝ ਸਾਹਮਣੇ ਆਉਂਦਾ ਹੈ। ਵਿਰੋਧੀ ਧਿਰਾਂ ਨੇ ਸੱਤਾਧਾਰੀਆਂ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਹਨ ਜਦੋਂ ਕਿ ਆਪ ਨੇ ਵਿਰੋਧੀਆਂ ਉੱਤੇ ਆਪਣੇ ਵਰਕਰਾਂ ਦੇ ਕਤਲ ਦਾ ਇਲਜ਼ਾਮ ਲਾਇਆ ਹੈ। ਇਹ ਮਾਮਲਾ ਹਾਈਕੋਰਟ ਵੀ ਪਹੁੰਚਿਆ ਸੀ ਜਿਸ ਤੋਂ ਬਾਅਦ ਕਈ ਥਾਵਾਂ ਉੱਤੇ ਚੋਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ, ਇਸ ਦੌਰਾਨ ਪੰਚਾਇਤੀ ਚੋਣਾਂ ਨੂੰ ਲੈ ਕੇ ਹੁਣ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਹੁਣ ਪੰਚਾਇਤੀ ਚੋਣਾਂ ਵਿੱਚ ਪੋਲਿੰਗ ਤੇ ਗਿਣਤੀ ਮੌਕੇ ਵੀਡੀਓ ਰਿਕਾਰਡਿੰਗ ਕਰਵਾਈ ਜਾਵੇਗੀ ਜਿਸ ਦਾ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਹੈ, ਇਸ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਮੈਂ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਪੰਚਾਇਤੀ ਚੋਣਾਂ ਦੀ ਨਾਮਜ਼ਦਗੀ, ਪੋਲਿੰਗ ਅਤੇ ਗਿਣਤੀ ਪ੍ਰਕਿਰਿਆਵਾਂ ਦੌਰਾਨ ਵੀਡੀਓਜ਼ ਰਿਕਾਰਡਿੰਗ ਨੂੰ ਲਾਜ਼ਮੀ ਕਰਨ ਵਾਲੇ ਨੋਟੀਫਿਕੇਸ਼ਨ ਦਾ ਸਵਾਗਤ ਕਰਦਾ ਹਾਂ। ਇਹ ਪਾਰਦਰਸ਼ਤਾ ਵੱਲ ਇੱਕ ਸਕਾਰਾਤਮਕ ਕਦਮ ਹੈ; ਹਾਲਾਂਕਿ, ਇਹ ਲਾਜ਼ਮੀ ਹੈ ਕਿ ਇਸ ਨਿਰਦੇਸ਼ ਦੀ ਭਾਵਨਾ ਨਾਲ ਪੂਰਨ ਪਾਲਣਾ ਕੀਤੀ ਜਾਵੇ, ਨਾ ਕਿ ਸਿਰਫ਼ ਅੱਖਰਾਂ ਵਿੱਚ ਖ਼ਾਨਾਪੂਰਤੀ। ਬਾਜਵਾ ਨੇ ਕਿਹਾ ਕਿ, SEC ਦੀ ਭੂਮਿਕਾ ਲਗਾਤਾਰ ਸਾਡੇ ਸੰਵਿਧਾਨਕ ਮੁੱਲਾਂ ਨੂੰ ਨਹੀਂ ਦਰਸਾਉਂਦੀ ਹੈ। ਇਹ ਯਕੀਨੀ ਕਰਨਾ ਕਮਿਸ਼ਨ ਦਾ ਫਰਜ਼ ਹੈ ਕਿ ਹਰੇਕ ਵਿਅਕਤੀ ਦੇ ਮੌਲਿਕ ਅਧਿਕਾਰਾਂ-ਚੋਣਾਂ ਲੜਨ ਅਤੇ ਵੋਟ ਪਾਉਣ ਦੀ- ਬਿਨਾਂ ਕਿਸੇ ਡਰ ਦੇ ਰਾਖੀ ਕੀਤੀ ਜਾਵੇ। ਤਦ ਹੀ ਅਸੀਂ ਲੋਕਤੰਤਰ ਦੇ ਸਿਧਾਂਤਾਂ ਨੂੰ ਸੱਚਮੁੱਚ ਬਰਕਰਾਰ ਰੱਖ ਸਕਦੇ ਹਾਂ ਅਤੇ ਨਿਰਪੱਖ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾ ਸਕਦੇ ਹਾਂ।