ਸੰਗਰੂਰ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਐੱਫ.ਸੀ.ਆਈ. ਦੇ ਡਾਇਰੈਕਟਰ ਸੀਨੀਅਰ ਭਾਜਪਾ ਆਗੂ ਜੀਵਨ ਕੁਮਾਰ ਗਰਗ ਦੇ ਸਰਕਾਰੀ ਗੰਨਮੈਨ ਦੀ ਭੇਤ ਭਰੇ ਹਾਲਾਤਾਂ ’ਚ ਉਸ ਦੀ ਨਿੱਜੀ ਗੱਡੀ ’ਚ ਲਾਸ਼ ਪ੍ਰਾਪਤ ਹੋਈ ਹੈ। ਪੁਲਿਸ ਇਹ ਘਟਨਾ ਸ਼ੱਕੀ ਹਾਲਾਤ ’ਚ ਹੋਣ ਦੀ ਗੱਲ ਕਹਿ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਗੰਨਮੈਨ ਨਵਜੋਤ ਸਿੰਘ ਆਪਣੀ ਕਾਰ ਰਾਹੀਂ ਪਟਿਆਲਾ ਤੋਂ ਭਵਾਨੀਗੜ੍ਹ ਵੱਲ ਆ ਰਿਹਾ ਸੀ ਕਿ ਰਸਤੇ ’ਚ ਪੈਂਦੇ ਪਿੰਡ ਜਾਹਲਾਂ/ਸੇਖੂਵਾਸ ਦੇ ਨੇੜੇ ਢੱਡਰੀਆਂ ਵਾਲਿਆਂ ਦੇ ਗੁਰਦੁਆਰਾ ਸਾਹਿਬ ਕੋਲ ਉਸ ਨੇ ਆਪਣੀ ਗੰਨ ਨਾਲ ਗੋਲ਼ੀ ਮਾਰ ਕੇ ਖ਼ੁਦਕਸੀ ਕਰ ਲਈ। ਭਾਜਪਾ ਆਗੂ ਜੀਵਨ ਗਰਗ ਨੇ ਦੱਸਿਆ ਕਿ ਮੇਰੇ ਗੰਨਮੈਨ ਨਵਜੋਤ ਸਿੰਘ ਨਾਲ ਮੇਰੀ ਸਵੇਰੇ 10 ਵਜੇ ਦੇ ਕਰੀਬ ਗੱਲ ਹੋਈ ਹੈ ਉਸ ਨੇ ਕਿਹਾ ਕਿ ਉਹ ਜਲਦ ਪਹੁੰਚ ਜਾਵੇਗਾ ਉਸ ਤੋਂ ਬਾਅਦ ਉਸਨੂੰ ਕਈ ਫੋਨ ਕੀਤੇ ਉਸ ਨੇ ਫੋਨ ਨਹੀਂ ਚੁੱਕਿਆ। ਗਰਗ ਨੇ ਦੱਸਿਆ ਕਿ ਫਿਰ ਉਨ੍ਹਾਂ ਨੇ ਉਸ ਦੀ ਮਾਤਾ ਨੂੰ ਫੋਨ ਕੀਤਾ ਅਤੇ ਕੁਝ ਸਮੇਂ ਬਾਅਦ ਪਤਾ ਲੱਗਿਆ ਕਿ ਉਸ ਦੀ ਮੱਥੇ ’ਚ ਗੋਲੀ ਲੱਗੇ ਦੀ ਲਾਸ਼ ਬਰਾਮਦ ਹੋਈ ਹੈ। ਭਾਜਪਾ ਆਗੂ ਜੀਵਨ ਗਰਗ ਨੇ ਦੱਸਿਆ ਕਿ ਮ੍ਰਿਤਕ ਚੰਗੇ ਪਰਿਵਾਰ ’ਚੋਂ ਸੀ ਜਿਸ ਕੋਲ ਆਪ ਦੀ ਸਕਾਰਪੀਓ ਗੱਡੀ ਸੀ ਉਹ ਸਕਾਰਪੀਓ ਕਾਰ ’ਚ ਹੀ ਭਵਾਨੀਗੜ੍ਹ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਤਨੀ ਅਤੇ ਮਾਤਾ ਦੋਨੋਂ ਹੀ ਪੁਲਿਸ ਵਿਭਾਗ ’ਚ ਹਨ। ਉਨ੍ਹਾਂ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਤਾਂ ਪੁਲਿਸ ਪੜਤਾਲ ਤੋਂ ਬਾਅਦ ਹੀ ਲੱਗ ਸਕੇਗਾ। ਇਸ ਘਟਨਾ ਸਬੰਧੀ ਥਾਣਾ ਪਸਿਆਣਾ ਨੇ ਕਾਂਸਟੇਬਲ ਨਵਜੋਤ ਸਿੰਘ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਹੈ।