ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ 13 ਨਵੰਬਰ ਨੂੰ ਵੋਟਿੰਗ, 23 ਨੂੰ ਐਲਾਨੇ ਜਾਣਗੇ ਨਤੀਜੇ

ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਦਿੱਲੀ ਵਿੱਚ ਹੋਈ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਅਨੁਸਾਰ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ਵਿਧਾਨ ਸਭਾ ਸੀਟਾਂ ’ਤੇ 13 ਨਵੰਬਰ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਇਸ ਦਾ ਨਤੀਜਾ 23 ਨਵੰਬਰ ਨੂੰ ਜਾਰੀ ਕੀਤਾ ਜਾਵੇਗਾ। ਪੰਜਾਬ ਦੀਆਂ ਜਿਨ੍ਹਾਂ ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਹੋਣੀਆਂ ਹਨ, ਉਨ੍ਹਾਂ ‘ਚੋਂ 3 ਸੀਟਾਂ ਕਾਂਗਰਸ ਅਤੇ ਇਕ ਸੀਟ ਆਮ ਆਦਮੀ ਪਾਰਟੀ (ਆਪ) ਕੋਲ ਸੀ। ਇਸ ਸਾਲ ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ ਸੀਟਾਂ ਦੇ ਵਿਧਾਇਕਾਂ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਇਹ ਸੀਟਾਂ ਖਾਲੀ ਹੋ ਗਈਆਂ ਸਨ। ਪੰਜਾਬ ਦੀਆਂ ਚਾਰੋਂ ਸੀਟਾਂ ਤੋਂ ਵਿਧਾਇਕ ਹੁਣ ਸੰਸਦ ਮੈਂਬਰ ਬਣ ਗਏ ਹਨ। ਉਨ੍ਹਾਂ ਵਿਧਾਨ ਸਭਾ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਬਰਨਾਲਾ ਤੋਂ ਵਿਧਾਇਕ ਰਹੇ ਗੁਰਮੀਤ ਸਿੰਘ ਮੀਤ ਹੇਅਰ ਹੁਣ ਸੰਗਰੂਰ ਤੋਂ ਸੰਸਦ ਮੈਂਬਰ ਹਨ। ਇਸ ਦੇ ਨਾਲ ਹੀ ਗਿੱਦੜਬਾਹਾ ਤੋਂ ਵਿਧਾਇਕ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਲੁਧਿਆਣਾ ਤੋਂ ਸੰਸਦ ਮੈਂਬਰ ਹਨ। ਦੂਜੇ ਪਾਸੇ ਚੱਬੇਵਾਲ ਵਿਧਾਨ ਸਭਾ ਤੋਂ ਰਾਜ ਕੁਮਾਰ ਚੱਬੇਵਾਲ ਵਿਧਾਇਕ ਸਨ। ਹੁਣ ਉਹ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਇਸ ਦੇ ਨਾਲ ਹੀ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਰਹੇ ਸੁਖਜਿੰਦਰ ਸਿੰਘ ਰੰਧਾਵਾ ਹੁਣ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣ ਗਏ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 10 ਅਕਤੂਬਰ ਤੱਕ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ ਵੋਟਰਾਂ ਦੀ ਗਿਣਤੀ 6,96,316 ਹੈ। ਇਨ੍ਹਾਂ ਵਿੱਚ ਕੁੱਲ 831 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਡੇਰਾ ਬਾਬਾ ਨਾਨਕ ਵਿੱਚ 1,93,268 ਵੋਟਰ ਹਨ। ਇੱਥੇ 241 ਪੋਲਿੰਗ ਸਟੇਸ਼ਨ ਹਨ। ਚੱਬੇਵਾਲ (SC) ਵਿੱਚ ਵੋਟਰਾਂ ਦੀ ਗਿਣਤੀ 1,59,254 ਹੈ। ਇੱਥੇ 205 ਪੋਲਿੰਗ ਸਟੇਸ਼ਨ ਹੋਣਗੇ। ਗਿੱਦੜਬਾਹਾ ਵਿੱਚ ਕੁੱਲ ਵੋਟਰਾਂ ਦੀ ਗਿਣਤੀ 1,66,489 ਹੈ। ਇੱਥੇ 173 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਬਰਨਾਲਾ ਵਿੱਚ 1,77,305 ਵੋਟਰ ਹਨ। ਇੱਥੇ 212 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੂੰ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਲਈ ਜ਼ਿਲ੍ਹਾ ਚੋਣ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਜਦਕਿ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਚੱਬੇਵਾਲ (ਐਸ.ਸੀ.) ਲਈ ਜ਼ਿਲ੍ਹਾ ਚੋਣ ਅਫ਼ਸਰ ਵਜੋਂ ਕੰਮ ਕਰਨਗੇ। ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੂੰ ਗਿੱਦੜਬਾਹਾ ਵਿਧਾਨ ਸਭਾ ਹਲਕੇ ਲਈ ਨਿਯੁਕਤ ਕੀਤਾ ਗਿਆ ਹੈ। ਜਦੋਂ ਕਿ ਬਰਨਾਲਾ ਲਈ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਜ਼ਿਲ੍ਹਾ ਚੋਣ ਅਫ਼ਸਰ ਹੋਣਗੇ। ਇਸ ਤੋਂ ਇਲਾਵਾ ਉਸ ਵਿਧਾਨ ਸਭਾ ਹਲਕੇ ਲਈ ਰਿਟਰਨਿੰਗ ਅਫ਼ਸਰ ਡੇਰਾ ਬਾਬਾ ਨਾਨਕ ਦੇ SDM ਜਦੋਂਕਿ ਚੱਬੇਵਾਲ (SC) ਲਈ ਹੁਸ਼ਿਆਰਪੁਰ ਦੇ ਏਡੀਸੀ (ਜੀ) ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਗਿੱਦੜਬਾਹਾ ਦੇ ਐਸਡੀਐਮ ਨੂੰ ਗਿੱਦੜਬਾਹਾ ਲਈ ਰਿਟਰਨਿੰਗ ਅਫਸਰ ਅਤੇ ਬਰਨਾਲਾ ਦੇ ਐਸਡੀਐਮ ਨੂੰ ਬਰਨਾਲਾ ਲਈ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ।

Leave a Reply

Your email address will not be published. Required fields are marked *