ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਲੜਕੀਆਂ ਦੀ ਮਿਆਰੀ ਸਿੱਖਿਆ ਅਤੇ ਸੁਰੱਖਿਆ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਅਜਿਹਾ ਮਾਹੌਲ ਸਿਰਜਣਾ ਚਾਹੀਦਾ ਹੈ, ਜਿਸ ਵਿੱਚ ਸਾਰੀਆਂ ਔਰਤਾਂ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਿਕ ਖੇਤਰਾਂ ਵਿੱਚ ਪੂਰੀ ਤਰ੍ਹਾਂ ਹਿੱਸਾ ਲੈ ਸਕਣ। ਇੱਥੇ ਪ੍ਰੇਮ ਚੰਦ ਮਾਰਕੰਡਾ ਐੱਸ.ਡੀ. ਕਾਲਜ ਫ਼ਾਰ ਵੂਮੈਨ, ਜਲੰਧਰ ਦੇ ਗੋਲਡਨ ਜੁਬਲੀ ਸਮਾਰੋਹ ‘ਚ ਸ਼ਮ੍ਹਾਂ ਰੌਸ਼ਨ ਕਰਨ ਉਪਰੰਤ ਰਾਜਪਾਲ ਸ੍ਰੀ ਕਟਾਰੀਆ ਨੇ ਕਿਹਾ ਕਿ ਲੜਕੀਆਂ ਸਮਾਜ ਦੀ ਨੀਂਹ ਹੁੰਦੀਆਂ ਹਨ, ਜਿਨ੍ਹਾਂ ਨੂੰ ਸਿੱਖਿਅਤ ਕਰਕੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਲੜਕੀਆਂ ਵਿੱਚ ਅਪਾਰ ਸਮਰੱਥਾ ਹੁੰਦੀ ਹੈ ਅਤੇ ਜੇਕਰ ਉਨ੍ਹਾਂ ਨੂੰ ਸਹੀ ਸੇਧ ਦਿੱਤੀ ਜਾਵੇ ਤਾਂ ਉਹ ਕਿਸੇ ਵੀ ਮੰਜ਼ਿਲ ’ਤੇ ਪਹੁੰਚ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦਾ ਇਤਿਹਾਸ ਔਰਤਾਂ ਦੇ ਯੋਗਦਾਨ ਦੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ ਅਤੇ ਆਧੁਨਿਕ ਭਾਰਤ ਵਿੱਚ ਵੀ ਔਰਤਾਂ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ, ਫੌਜ, ਪੁਲਿਸ, ਖੇਡਾਂ, ਕਲਾ ਸਮੇਤ ਕੋਈ ਵੀ ਖੇਤਰ ਅਜਿਹਾ ਨਹੀਂ ਜਿੱਥੇ ਔਰਤਾਂ ਨੂੰ ਆਪਣੀ ਕਾਬਲੀਅਤ ‘ਤੇ ਭਰੋਸਾ ਨਾ ਹੋਵੇ। ਸ਼੍ਰੀ ਕਟਾਰੀਆ ਨੇ ਕਿਹਾ ਕਿ ਇੱਕ ਸਿਹਤਮੰਦ, ਸਸ਼ਕਤ ਅਤੇ ਵਿਕਸਤ ਸਮਾਜ ਲਈ ਸਾਨੂੰ ਸਾਰਿਆਂ ਨੂੰ ਸਿੱਖਿਆ ਅਤੇ ਸਰਵਪੱਖੀ ਵਿਕਾਸ ਦੇ ਮਾਧਿਅਮ ਨਾਲ ਔਰਤਾਂ ਦੇ ਸਸ਼ਕਤੀਕਰਨ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।ਅਧਿਆਪਨ ਨੂੰ ਪਵਿੱਤਰ ਕਿੱਤਾ ਦੱਸਦਿਆਂ ਰਾਜਪਾਲ ਨੇ ਕਿਹਾ ਕਿ ਅਧਿਆਪਨ ਕੇਵਲ ਇੱਕ ਕਿੱਤਾ ਨਹੀਂ ਸਗੋਂ ਇੱਕ ਪਵਿੱਤਰ ਕੰਮ ਹੈ। ਉਨ੍ਹਾਂ ਕਿਹਾ ਕਿ ਚੰਗੇ ਸਮਾਜ ਦੀ ਉਸਾਰੀ ਵਿੱਚ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਇਸ ਲਈ ਅਧਿਆਪਕ ਹਮੇਸ਼ਾ ਹੀ ਉੱਚੇ ਸਨਮਾਨ ਦੇ ਹੱਕਦਾਰ ਹੁੰਦੇ ਹਨ। ਉਨ੍ਹਾਂ ਨੇ ਤਕਨੀਕੀ ਤਰੱਕੀ ਅਤੇ ਸਾਡੇ ਅਮੀਰ ਵਿਰਸੇ ਦੀ ਸਾਂਭ-ਸੰਭਾਲ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਦੇ ਨਾਲ-ਨਾਲ ਕਦਰਾਂ-ਕੀਮਤਾਂ ਦੇਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਸੰਸਥਾ ਵੱਲੋਂ ਪਿਛਲੇ 50 ਸਾਲਾਂ ਤੋਂ ਲੜਕੀਆਂ ਦੀ ਸਿੱਖਿਆ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਕਾਲਜ ਦੀ ਹੋਰ ਕਾਮਯਾਬੀ ਦੀ ਕਾਮਨਾ ਵੀ ਕੀਤੀ। ਇਸ ਦੌਰਾਨ ਰਾਜਪਾਲ ਨੇ ਗੋਲਡਨ ਜੁਬਲੀ ਸਮਾਰੋਹ ਮੌਕੇ ਕਾਲਜ ਦਾ ਸੋਵੀਨਾਰ ਰਿਲੀਜ਼ ਕਰਨ ਦੇ ਨਾਲ-ਨਾਲ ਸਵੈ-ਨਿਰਭਰ ਭਾਰਤ ਤਹਿਤ ਨੌਜਵਾਨ ਉੱਦਮੀਆਂ ਦਾ ਸਨਮਾਨ ਵੀ ਕੀਤਾ ਅਤੇ ਵਿਦਿਆਰਥਣਾਂ ਵੱਲੋਂ ਲਗਾਏ ਗਏ ਸਟਾਲਾਂ ਦਾ ਵੀ ਦੌਰਾ ਕੀਤਾ। ਇਸ ਤੋਂ ਪਹਿਲਾਂ ਕਾਲਜ ਦੀ ਗਵਰਨਿੰਗ ਬਾਡੀ ਨੇ ਗੁਲਾਬ ਚੰਦ ਕਟਾਰੀਆ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਡਾ: ਹਿਮਾਂਸ਼ੂ ਅਗਰਵਾਲ, ਐੱਸ.ਡੀ.ਐੱਮ. ਰਣਦੀਪ ਸਿੰਘ, ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨਰੇਸ਼ ਬੁਧੀਆ, ਵਾਈਸ ਚੇਅਰਮੈਨ ਵਿਨੋਦ ਕੁਮਾਰ ਦਾਦਾ, ਸਕੱਤਰ ਨਰੇਸ਼ ਮਾਰਕੰਡਾ ਅਤੇ ਹੋਰ ਅਧਿਕਾਰੀ, ਸਵਦੇਸ਼ੀ ਜਾਗਰਣ ਮੰਚ ਤੋਂ ਸਤੀਸ਼ ਕੁਮਾਰ, ਪ੍ਰਿੰ. ਡਾ: ਪੂਜਾ ਪਰਾਸ਼ਰ, ਸੰਸਥਾ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ।