ਲੁਧਿਆਣਾ ‘ਚ ਸ਼ਿਵ ਸੈਨਾ ਆਗੂ ਦੇ ਘਰ ਸੁੱਟਿਆ ਪੈਟਰੋਲ ਬੰਬ, ਬਾਈਕ ਸਵਾਰ 3 ਬਦਮਾਸ਼ਾਂ ਨੇ ਕੀਤੀ ਵਾਰਦਾਤ

ਲੁਧਿਆਣਾ ‘ਚ ਬੀਤੀ ਰਾਤ ਕਰੀਬ ਪੌਣੇ ਤਿੰਨ ਵਜੇ ਕੁਝ ਅਣਪਛਾਤੇ ਬਾਈਕ ਸਵਾਰਾਂ ਨੇ ਸ਼ਿਵ ਸੈਨਾ ਆਗੂ ਹਰਕੀਰਤ ਸਿੰਘ ਖੁਰਾਣਾ ਦੇ ਘਰ ‘ਤੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ। ਧਮਾਕੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ‘ਚ ਬਾਈਕ ਸਵਾਰ ਸਾਫ ਦਿਖਾਈ ਦੇ ਰਹੇ ਹਨ। ਤਿੰਨ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਪਿਛਲੇ 15 ਦਿਨਾਂ ਵਿੱਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸ਼ਿਵ ਸੈਨਾ ਭਾਰਤੀ ਆਗੂ ਯੋਗੇਸ਼ ਬਖਸ਼ੀ ਦੇ ਘਰ ਦੇ ਬਾਹਰ ਕੁਝ ਸ਼ਰਾਰਤੀ ਨੌਜਵਾਨਾਂ ਨੇ ਕੱਚ ਦੀ ਬੋਤਲ ਵਿੱਚ ਭਰਿਆ ਡੀਜ਼ਲ ਸੁੱਟ ਦਿੱਤਾ ਸੀ। ਇਸ ਕਾਰਨ ਵੱਡਾ ਧਮਾਕਾ ਹੋਇਆ। ਹਰਕੀਰਤ ਸਿੰਘ ਖੁਰਾਣਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਣਪਛਾਤੇ ਵਿਦੇਸ਼ੀ ਨੰਬਰਾਂ ਤੋਂ ਅਕਸਰ ਧਮਕੀਆਂ ਦੀਆਂ ਕਾਲਾਂ ਆ ਰਹੀਆਂ ਹਨ। ਬੀਤੀ ਰਾਤ ਵੀ ਇਸ ਧਮਾਕੇ ਤੋਂ ਪਹਿਲਾਂ ਧਮਕੀ ਭਰੀ ਕਾਲ ਆਈ ਸੀ। ਦੋ ਦਿਨਾਂ ਤੋਂ ਲਗਾਤਾਰ ਕੁਝ ਸ਼ਰਾਰਤੀ ਲੋਕ ਮੈਨੂੰ ਫ਼ੋਨ ‘ਤੇ ਧਮਕੀਆਂ ਦੇ ਰਹੇ ਸਨ। ਹਮਲੇ ਤੋਂ ਬਾਅਦ ਅੱਜ ਸਵੇਰੇ ਕਰੀਬ 9.15 ਵਜੇ ਫਿਰ ਤੋਂ ਅਣਪਛਾਤੇ ਨੰਬਰ ਤੋਂ ਸੁਨੇਹਾ ਆਇਆ ਅਤੇ ਹੁਣ ਇਸ ਦਾ ਪਤਾ ਲੱਗਾ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਲਿਖਿਆ- ਹੁਣ ਅਸੀਂ ਲੁਧਿਆਣਾ ਵਿਚ ਸਾਰਿਆਂ ਦੇ ਘਰ ਖਾਲੀ ਜਾਗੋ ਕੱਢਣੀ ਹੈ। ਸਾਡੇ ਕੋਲ ਹਰ ਕਿਸੇ ਦੇ ਘਰਾਂ ਦੇ ਪਤੇ ਹਨ। ਖੁਰਾਣਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਉਨ੍ਹਾਂ ਦੇ ਸੰਪਰਕ ਵਿੱਚ ਹਨ। ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਬਦਮਾਸ਼ਾਂ ਨੂੰ ਫੜ ਲਿਆ ਜਾਵੇਗਾ। ਹਮਲਾਵਰਾਂ ਨੇ 15 ਦਿਨਾਂ ਵਿੱਚ ਦੂਜੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

Leave a Reply

Your email address will not be published. Required fields are marked *