ਰਾਏਕੋਟ ’ਚ ਆਪਸੀ ਵਿਵਾਦ ਦੇ ਚਲਦੇ ਦੋਸਤਾਂ ਵੱਲੋਂ ਨੌਜਵਾਨ ਦਾ ਕਤਲ

ਰਾਏਕੋਟ ਵਿਖੇ 1 ਨਵੰਬਰ ਦੀਵਾਲੀ ਦੀ ਰਾਤ ਆਪਸੀ ਵਿਵਾਦ ਦੇ ਚਲਦੇ ਕੁਝ ਦੋਸਤਾਂ ਵੱਲੋਂ ਇੱਕ 32 ਸਾਲਾਂ ਨੌਜਵਾਨ ਅਮਨਦੀਪ ਸਿੰਘ ਉਰਫ਼ ਅਮਨਾ ਪੰਡੋਰੀ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਢੱਟ ਅਤੇ ਦਲਵੀਰ ਸਿੰਘ ਛੀਨਾ ਉਰਫ਼ ਡੀ.ਸੀ ਨੂਰਪੁਰਾ ਨੇ ਆਪਣੇ ਕੁਝ ਸਾਥੀਆਂ ਸਮੇਤ ਜੱਥੇਬੰਦੀ ਦੇ ਆਗੂ ਅਮਨਦੀਪ ਸਿੰਘ ਉਰਫ਼ ਅਮਨਾ ਪੰਡੋਰੀ ਨੂੰ ਫ਼ੋਨ ਕਰ ਕੇ ਬੁਲਾਇਆ ਅਤੇ ਕਤਲ ਕਰ ਦਿੱਤਾ। ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਨਾਲ ਲੱਗਦੇ ਜਥੇਬੰਦੀ ਦੇ ਦਫ਼ਤਰ ਵਿੱਚ ਸ਼ੁੱਕਰਵਾਰ ਰਾਤ ਕਰੀਬ 11.30 ਵਜੇ ਆਪਸੀ ਤਕਰਾਰ ਤੋਂ ਬਾਅਦ ਡੀਸੀ ਨੂਰਪੁਰਾ ਨੇ ਅਮਨਾ ਪੰਡੋਰੀ ਨੂੰ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ। ਜਦਕਿ ਇਸ ਸਬੰਧ ਵਿੱਚ ਰਾਏਕੋਟ ਸਿਟੀ ਪੁਲਿਸ ਨੇ ਦਰਜ ਕੀਤੇ ਮੁਕਦਮੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਅਤੇ ਇੱਕ ਨੌਜਵਾਨ ਆਗੂ ਦਲਵੀਰ ਸਿੰਘ ਛੀਨਾ ਉਰਫ ਡੀਸੀ ਨੂਰਪੁਰਾ ਸਮੇਤ ਇੱਕ ਦਰਜਨ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਅਮਨਦੀਪ ਸਿੰਘ ਉਰਫ ਅਮਨਾ ਪੰਡੋਰੀ ਦੇ ਚਚੇਰੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਚਚੇਰੇ ਭਰਾ ਅਮਨਦੀਪ ਸਿੰਘ ਉਰਫ ਅਮਨਾ ਪੰਡੋਰੀ ਦਾ ਉਸ ਦੇ ਯਾਰ ਦੋਸਤਾਂ ਨਾਲ ਕਿਸੇ ਵਜ੍ਹਾ ਕਾਰਨ ਆਪਸ ’ਚ ਮਨ ਮੁਟਾਵ ਹੋ ਗਿਆ ਸੀ ਅਤੇ ਇਸੇ ਗੱਲ ਨੂੰ ਕਲੀਅਰ ਕਰਨ ਲਈ ਕੱਲ ਉਹਨਾਂ ਨੇ ਮਿਲਣ ਖਾਤਰ ਉਸਨੂੰ ਸੱਦਿਆ ਸੀ। ਪਰ ਜਦੋਂ ਉਹ ਅਤੇ ਉਸ ਦਾ ਭਰਾ ਅਮਨਾ ਪੰਡੋਰੀ ਰਾਏਕੋਟ ਵਿਖੇ ਗੁਰਦੁਆਰਾ ਟਾਹਲੀਆਣਾ ਸਾਹਿਬ ਡਿਊਟੀ ਤੋਂ ਥੋੜੀ ਦੂਰੀ ‘ਤੇ ਸਥਿਤ ਉਨ੍ਹਾਂ ਦੇ ਦਫਤਰ ਵਿਖੇ ਮਿਲਣ ਲਈ ਪਹੁੰਚੇ ਤਾਂ ਉਕਤ ਵਿਅਕਤੀਆਂ ਨੇ ਇਕ ਦਮ ਫਾਇਰ ਚਲਾ ਦਿੱਤਾ ਅਤੇ ਉਸਦੇ ਭਰਾ ਅਮਨ ਪੰਡੋਰੀ ਦੇ ਗੋਲੀ ਲੱਗਣ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਉੱਪਰ ਗੋਲੀ ਚਲਾਉਣ ਵਾਲਿਆਂ ਵਿੱਚ ਇੱਕ ਡੀਸੀ ਨੂਰਪੁਰਾ ਅਤੇ ਇੱਕ ਜਸਪ੍ਰੀਤ ਸਿੰਘ ਢੱਟ ਅਤੇ ਹੋਰ ਵਿਅਕਤੀ ਸ਼ਾਮਿਲ ਸਨ। ਜਦਕਿ ਉਕਤ ਵਿਅਕਤੀ ਉਸਦੇ ਭਰਾ ਨਾਲ 5-7 ਸਾਲ ਤੋਂ ਵਰਤਦੇ ਸਨ ਪਰ ਉਨ੍ਹਾਂ ਵਿਚਕਾਰ ਮਸਲਾ ਕੀ ਸੀ, ਉਸ ਬਾਰੇ ਉਸਨੂੰ ਕੋਈ ਜਾਣਕਾਰੀ ਹੈ। ਉਸਨੇ ਹੀ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਮੌਕੇ ’ਤੇ ਪੁੱਜੇ ਡੀਐਸਪੀ ਰਾਏਕੋਟ ਹਰਜਿੰਦਰ ਸਿੰਘ ਅਤੇ ਥਾਣਾ ਸਿਟੀ ਦੇ ਐਸਐਚਓ ਦਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪੁੱਜੇ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ। ਇਸ ਮੌਕੇ ਸਾਬਕਾ ਸਰਪੰਚ ਗੁਰਮੀਤ ਸਿੰਘ ਵਾਸੀ ਪਿੰਡ ਮਾਮਤਪੁਰ ਕਿਸਾਨ ਆਗੂ ਨੇ ਗਲਬਾਤ ਕਰਦਿਆਂ ਆਖਿਆ ਕਿ ਪੁਲਿਸ ਇਸ ਮਾਮਲੇ ’ਚ ਜਿੰਮੇਵਾਰ ਵਿਅਕਤੀਆਂ ਨੂੰ ਜਲਦ ਕਾਬੂ ਕਰੇ ਜੇਕਰ ਪੁਲਿਸ ਵੱਲੋਂ ਇਸ ਸਬੰਧ ’ਚ ਤੁਰੰਤ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਤਾਂ ਉਹ ਧਰਨਾ ਲਗਾਉਣ ਲਈ ਮਜ਼ਬੂਰ ਹੋਣਗੇ। ਇਸ ਸਬੰਧੀ ਥਾਣਾ ਸਿਟੀ ਰਾਏਕੋਟ ਦੇ ਐਸਐਚਓ ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਸਬੰਧ ’ਚ 12 ਵਿਅਕਤੀਆਂ ਖਿਲਾਫ਼ ਮੁੱਕਦਮਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਨਾਮਜ਼ਦ ਜਸਪ੍ਰੀਤ ਸਿੰਘ ਢੱਟ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਾ ਜ਼ਿਲ੍ਹਾ ਪ੍ਰਧਾਨ ਹੈ ਅਤੇ ਦਲਵੀਰ ਸਿੰਘ ਛੀਨਾ ਉਰਫ ਡੀਸੀ ਨੂਰਪੁਰਾ ਵੀ ਕਿਸਾਨ ਜਥੇਬੰਦੀ ਨਾਲ ਜੁੜਿਆ ਹੋਇਆ, ਸਗੋਂ ਮ੍ਰਿਤਕ ਅਮਨਾ ਪੰਡੋਰੀ ਵੀ ਇਨ੍ਹਾਂ ਦਾ ਸਾਥੀ ਸੀ ਤੇ ਅਤੇ ਜਥੇਬੰਦੀ ਨਾਲ ਜੁੜਿਆ ਹੋਇਆ ਸੀ। ਦੀਵਾਲੀ ਦੀ ਰਾਤ ਵਾਪਰੀ ਇਸ ਸਨਸਨੀ ਖੇਜ ਘਟਨਾ ਤੋਂ ਬਾਅਦ ਰਾਏਕੋਟ ਇਲਾਕੇ ’ਚ ਕਾਫੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

Leave a Reply

Your email address will not be published. Required fields are marked *