ਪੰਜਾਬ ’ਚ ਜ਼ਿਮਨੀ ਚੋਣਾਂ ਦੀ ਤਰੀਕ ਬਦਲ ਦਿੱਤੀ ਗਈ ਹੈ। ਹੁਣ 20 ਨਵੰਬਰ ਨੂੰ ਵੋਟਿੰਗ ਹੋਵੇਗੀ। 13 ਨਵੰਬਰ 2024 ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਾਲੇ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਦੀ ਤਰੀਕ ਬਦਲਣ ਲਈ ਵੱਖ-ਵੱਖ ਮਾਨਤਾ ਪ੍ਰਾਪਤ ਰਾਸ਼ਟਰੀ ਅਤੇ ਰਾਜਨੀਤਿਕ ਪਾਰਟੀਆਂ (ਭਾਜਪਾ, ਕਾਂਗਰਸ, ਬਸਪਾ, ਆਰ.ਐਲ.ਡੀ. ਸਮੇਤ) ਅਤੇ ਕੁਝ ਸਮਾਜਿਕ ਸੰਗਠਨਾਂ ਨੇ ਕਮਿਸ਼ਨ ਨੂੰ ਅਪੀਲ ਕੀਤੀ ਸੀ। ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾਬਾਬਾ ਨਾਨਕ ਵਿਖੇ ਜ਼ਿਮਨੀ ਚੋਣਾਂ ਹੋਣੀਆਂ ਹਨ। ਵੋਟਾਂ ਦੀ ਗਿਣਤੀ ਦੀ ਮਿਤੀ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਜੋ 23 ਨਵੰਬਰ ਨੂੰ ਹੀ ਹੋਵੇਗੀ। ਜ਼ਿਕਰਯੋਗ ਹੈ ਕਿ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਨੂੰ ਜਾ ਕੇ ਇਹ ਗੁਜ਼ਾਰਿਸ਼ ਕੀਤੀ ਗਈ ਸੀ ਕਿ ਤਰੀਕਾਂ ਦੇ ਵਿੱਚ ਬਦਲਾਅ ਕੀਤਾ ਜਾਵੇ। ਪਹਿਲਾਂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ’ਚ ਕਾਂਗਰਸ ਦਾ ਵਫਦ ਗਿਆ ਸੀ, ਉਨ੍ਹਾਂ ਵੱਲੋਂ ਇਹ ਅਪੀਲ ਕੀਤੀ ਗਈ ਸੀ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਪੁਰਬ ਹੈ ਉਹ 15 ਨਵੰਬਰ ਨੂੰ ਹੈ ਅਤੇ ਇਸ ਦੇ ਮੱਦੇਨਜ਼ਰ ਵੋਟਿੰਗ ਦੀ ਤਰੀਕ ’ਚ ਬਦਲਾਅ ਕੀਤਾ ਜਾਵੇ, ਕਿਉਂਕਿ ਉਨ੍ਹਾਂ ਦਿਨਾਂ ’ਚ ਲੋਕਾਂ ਦੇ ਧਾਰਮਕ ਰੁਝੇਵੇਂ ਵਧ ਜਾਂਦੇ ਹਨ ਜਿਸ ਕਾਰਨ ਵੋਟਿੰਗ ਘਟ ਸਕਦੀ ਹੈ। ਅਪਣੇ ਫੈਸਲੇ ’ਚ ਚੋਣ ਕਮਿਸ਼ਨ ਨੇ ਵੀ ਕਿਹਾ ਹੈ ਕਿ ਉਸ ਦਿਨ ਵੱਡੇ ਪੱਧਰ ‘ਤੇ ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਰੁਝੇਵਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅਸੁਵਿਧਾ ਦਾ ਕਾਰਨ ਬਣ ਸਕਦੇ ਹਨ ਅਤੇ ਪੋਲ ਦੌਰਾਨ ਵੋਟਰਾਂ ਦੀ ਭਾਗੀਦਾਰੀ ਨੂੰ ਘਟਾ ਸਕਦੇ ਹਨ। ਹੋਰਨਾਂ ਪਾਰਟੀਆਂ ਨੇ ਵੀ ਵੀ ਜਾ ਕੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਹੁਣ ਚੋਣ ਕਮਿਸ਼ਨ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ ਕਿ 13 ਨਵੰਬਰ ਨੂੰ ਪੰਜਾਬ ਦੇ ਵਿੱਚ ਜਿਮਣੀ ਚੋਣਾਂ ਨਹੀਂ ਹੋਣਗੀਆਂ, ਵੋਟਿੰਗ ਦੀ ਤਰੀਕ ’ਚ ਬਦਲਾਅ ਕਰ ਦਿੱਤਾ ਗਿਆ ਹੈ ਅਤੇ ਹੁਣ 13 ਦੀ ਥਾਂ 20 ਨਵੰਬਰ ਨੂੰ ਪੰਜਾਬ ਦੇ ਵਿੱਚ ਜਿਮਣੀ ਚੋਣਾਂ ਹੋਣਗੀਆਂ। ਜ਼ਿਕਰਯੋਗ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦਾ ਜ਼ਿਮਨੀ ਚੋਣਾਂ ’ਚ ਚੋਣ ਪ੍ਰਚਾਰ ਲਈ ਜ਼ੋਰ ਲੱਗਿਆ ਹੋਇਆ ਹੈ। ਡੇਰਾ ਬਾਬਾ ਨਾਨਕ ਤੋਂ ਵੀ ਕੱਲ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਰੈਲੀ ਕਰਦੇ ਵੇਖਿਆ ਸੀ, ਉਨ੍ਹਾਂ ਨੇ ਖਾਸ ਤੌਰ ਤੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨੇ ਸਾਧ ਸਨ, ਜਦਕਿ ਖ਼ੁਦ ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਖੰਨਾ ਦੀ ਮੰਡੀ ਦੇ ਵਿੱਚ ਜਾ ਕੇ ਜਿਹੜੀ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਉਸ ਨਾਲ ਚੋਣ ਮਾਹੌਲ ਭਖ ਗਿਆ ਸੀ।