ਸ਼੍ਰੋਮਣੀ ਅਕਾਲੀ ਦਲ (ਬ) ਵਿਧਾਨਸਭਾ ਹਲਕਾ ਫਗਵਾੜਾ ਵਲੋਂ ਕਿਸਾਨਾਂ ਦੇ ਹੱਕ ਵਿਚ 5 ਨਵੰਬਰ ਦਿਨ ਮੰਗਲਵਾਰ ਨੂੰ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਖਿਲਾਫ ਵਿਸ਼ਾਲ ਰੋਸ ਧਰਨਾ ਤੇ ਮੁਜਾਹਰਾ ਕੀਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਹਲਕਾ ਇੰਚਾਰਜ ਰਾਜਿੰਦਰ ਸਿੰਘ ਚੰਦੀ ਨੇ ਦੱਸਿਆ ਕਿ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਦੀ ਅਣਗਹਿਲੀਆਂ ਦੇ ਚਲਦਿਆਂ ਕਿਸਾਨਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੋ ਚੁੱਕੀ ਹੈ। ਲਿਫਟਿੰਗ ਨਾ ਹੋਣ ਕਰਕੇ ਝੋਨੇ ਦੀ ਫਸਲ ਮੰਡੀਆਂ ਵਿਚ ਰੁਲ ਰਹੀ ਹੈ। ਕਿਸਾਨਾਂ ਨੂੰ ਸਰਕਾਰ ਵਲੋਂ ਸਮੇਂ ਸਿਰ ਡੀ.ਏ.ਪੀ ਖਾਦ ਮੁਹੱਈਆ ਨਹੀਂ ਕਰਵਾ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਜਿਸ ਦੇ ਰੋਸ ਵਜੋਂ 5 ਨਵੰਬਰ ਨੂੰ 11 ਵਜੇ ਵੱਡਾ ਰੋਸ ਧਰਨਾ / ਮੁਜਾਹਰਾ ਐਸ.ਡੀ.ਐਮ ਫਗਵਾੜਾ ਦਫ਼ਤਰ ਦੇ ਅੱਗੇ ਕੀਤਾ ਜਾਵੇਗਾ ਅਤੇ ਐਸ ਡੀ ਐਮ ਫਗਵਾੜਾ ਨੂੰ ਕਿਸਾਨੀ ਮੰਗਾਂ ਸਬੰਧੀ ਇੱਕ ਮੰਗ ਪੱਤਰ ਵੀ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਵ. ਸ. ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਦੇ ਮਸੀਹਾ ਰਹੇ ਹਨ ਅਤੇ ਕਿਸਾਨੀ ਹਿਤਾਂ ਨੂੰ ਹਮੇਸ਼ਾ ਸਿਆਸੀ ਨਫੇ-ਨੁਕਸਾਨ ਤੋਂ ਉੱਚਾ ਰੱਖਿਆ ਸੀ। ਖੁਰਾਣਾ ਅਤੇ ਚੰਦੀ ਨੇ ਹਲਕਾ ਫਗਵਾੜਾ ਦੇ ਸਮੂਹ ਅਕਾਲੀ ਵਰਕਰਾਂ, ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ, ਮੈਂਬਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ 5 ਨਵੰਬਰ ਨੂੰ ਸਵੇਰੇ 10.30 ਵਜੇ ਵਾਲੀਆਂ ਟਰਾਂਸਪੋਰਟ ਨੇੜੇ ਪੂਨਮ ਹੋਟਲ ਜੀ ਰੋਡ ਵਿਖੇ ਸਮੇਂ ਸਿਰ ਪੁੱਜਣ ਤਾਂ ਜੋ ਕਿਸਾਨ ਵੀਰਾਂ ਦੀਆਂ ਹੱਕੀ ਮੰਗਾਂ ਦਾ ਹੱਲ ਕਰਵਾਉਣ ਲਈ ਉੱਥੋਂ ਚੱਲ ਕੇ ਐਸ ਡੀ ਐਮ ਫਗਵਾੜਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾ ਸਕੇ।