ਆਸਟ੍ਰੇਲੀਆ ‘ਚ ਲਾਈਵ ਪ੍ਰਦਰਸ਼ਨ ਦੌਰਾਨ ਪੰਜਾਬੀ ਗਾਇਕ ਅਤੇ ਗੀਤਕਾਰ ਗੈਰੀ ਸੰਧੂ (Garry Sandhu) ਨੂੰ ਇਕ ਅਣਕਿਆਸੀ ਘਟਨਾ ਦਾ ਸਾਹਮਣਾ ਕਰਨਾ ਪਿਆ। ਜ਼ੁਬਾਨੀ ਝਗੜੇ ਤੋਂ ਬਾਅਦ ਇਕ ਵਿਅਕਤੀ ਨੇ ਸਟੇਜ ‘ਤੇ ਗਾਇਕ ਉੱਪਰ ਹਮਲਾ ਕਰ ਦਿੱਤਾ। ਨਿਊ ਸਾਊਥ ਵੇਲਜ਼ ‘ਚ ਹੋਏ ਇਸ ਪ੍ਰੋਗਰਾਮ ਨੇ ਪ੍ਰਸ਼ੰਸਕਾਂ ਤੇ ਹਾਜ਼ਰੀਨਾਂ ਨੂੰ ਹੈਰਾਨ ਕਰ ਦਿੱਤਾ। ਸੰਧੂ ਦੇ ਸ਼ੋਅ ‘ਚ ਆਏ ਇਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੇ ਸਟੇਜ ’ਤੇ ਚੜ੍ਹ ਕੇ ਸੰਧੂ ਦਾ ਗਲਾ ਫੜ ਲਿਆ। ਹਾਲਾਂਕਿ ਮੌਕੇ ‘ਤੇ ਮੌਜੂਦ ਸੰਧੂ ਦੇ ਸੁਰੱਖਿਆ ਗਾਰਡ ਤੇ ਪੁਲਿਸ ਨੇ ਕਿਸੇ ਤਰ੍ਹਾਂ ਨੌਜਵਾਨ ਨੂੰ ਫੜ ਕੇ ਸਟੇਜ ਤੋਂ ਹੇਠਾਂ ਉਤਾਰਿਆ। ਬਾਅਦ ‘ਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੰਜਾਬੀ ਗਾਇਕ ਗੈਰੀ ਸੰਧੂ ਨੇ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਹ ਮੂਲ ਰੂਪ ‘ਚ ਜਲੰਧਰ ਦੇ ਪਿੰਡ ਰੁੜਕਾ ਕਲਾਂ ਦੇ ਰਹਿਣ ਵਾਲੇ ਹਨ। ਹਾਲਾਂਕਿ, ਉਹ ਮੌਜੂਦਾ ਸਮੇਂ ਯੂਕੇ ‘ਚ ਰਹਿੰਦੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਸੰਧੂ ਦੇ 50 ਲੱਖ ਤੋਂ ਵੱਧ ਫਾਲੋਅਰਜ਼ ਹਨ।